'ਟਿੰਮਾ' ਦੀ ਗ੍ਰਿਫਤਾਰੀ 'ਤੇ ਭਖਿਆ ਮਾਹੌਲ, SGPC ਪ੍ਰਧਾਨ ਨੇ ਗੁਰਦੁਆਰਾ ਸਾਹਿਬ ਅੰਦਰ ਪੁਲਿਸ ਦੀ ਕਾਰਵਾਈ ਨੂੰ ਦੱਸਿਆ ਨਿੰਦਣਯੋਗ
ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਦੀ ਰਾਜਸਥਾਨ 'ਚ ਹੋਈ ਗ੍ਰਿਫਤਾਰੀ ਦੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਜਿਹਾ ਵਿਵਹਾਰ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਾਜਸਥਾਨ ਦੇ ਗੰਗਾਨਗਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਰਾਜਸਥਾਨ ਪੁਲਸ ਵੱਲੋਂ ਗੁਰੂ ਕੇ ਲੰਗਰਾਂ ਦੀ ਬੇਅਦਬੀ ਕੀਤੀ ਗਈ, ਸ਼ਹੀਦ ਸਿੱਖਾ ਦੇ ਪੋਸਟਰ ਪਾੜੇ ਗਏ ਜੋ ਕਿ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਗੁਰੂ ਕੇ ਲੰਗਰਾਂ ਵਿੱਚ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਅਤੇ ਸਿੱਖ ਸ਼ਹੀਦਾਂ ਨਾਲ ਸਬੰਧਤ ਪੋਸਟਰਾਂ ਨੂੰ ਪਾੜਨਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ।

ਧਾਮੀ ਨੇ ਅੱਗੇ ਕਿਹਾ ਕਿ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਕਾਨੂੰਨੀ ਅਤੇ ਸੰਵਿਧਾਨਕ ਤਰੀਕੇ ਮੌਜੂਦ ਹਨ, ਪਰ ਧਾਰਮਿਕ ਸਥਾਨ 'ਤੇ ਪੁਲਸ ਦੀ ਅਜਿਹੀ ਕਾਰਵਾਈ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਈ ਜਾ ਸਕਦੀ। ਐਡਵੋਕੇਟ ਧਾਮੀ ਨੇ ਕਿਹਾ ਕਿ ਰਾਜਸਥਾਨ ਵਿੱਚ ਵਾਪਰੀ ਇਸ ਘਟਨਾ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ ਅਤੇ ਸਰਕਾਰ, ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਰਿਹਾਅ ਕਰੇ।
ਇਹ ਹੈ ਪੂਰਾ ਮਾਮਲਾ -
ਤਜਿੰਦਰਪਾਲ ਸਿੰਘ ਟਿੰਮਾ 'ਤੇ ਇਮੀਗ੍ਰੇਸ਼ਨ ਸੰਚਾਲਕ ਨਾਲ ਕਥਿਤ ਕੁੱਟਮਾਰ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਲੱਗੇ ਹਨ। ਬੀਤੀ ਰਾਤ ਇਸੀ ਮਾਮਲੇ 'ਚ ਉਨ੍ਹਾਂ ਦੀ ਗਿਰਫਤਾਰੀ ਹੋਈ ਹੈ। ਗੁਰਦਵਾਰਾ ਸਾਹਿਬ ਅੰਦਰ ਦਾਖ਼ਲ ਹੋ ਕੇ 'ਟਿੰਮਾ' ਨੂੰ ਗ੍ਰਿਫ਼ਤਾਰ ਕਰਨ ਦੀ ਪੁਲਿਸ ਕਾਰਵਾਈ 'ਤੇ ਸਿੱਖ ਸੰਗਤ ਨੇ ਸਵਾਲ ਚੁੱਕੇ ਹਨ। ਮੌਕੇ 'ਤੇ ਮੌਜੂਦ ਸੰਗਤ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਜਿਸ ਤਰੀਕੇ ਦਾ ਵਿਵਹਾਰ ਕੀਤਾ ਉਹ ਕਾਬਿਲ-ਏ ਮਾਫ਼ੀ ਨਹੀਂ ਹੈ। ਇਸਦੇ ਨਾਲ ਹੀ 'ਟਿੰਮਾ' ਦੀ ਗ੍ਰਿਫ਼ਤਾਰੀ ਨੂੰ ਵੀ ਸਿੱਖ ਸੰਗਤ ਨੇ ਗ਼ਲਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਝੂਠੇ ਮਾਮਲੇ 'ਚ ਫਸਾਇਆ ਗਿਆ ਹੈ , ਜਿਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਅਤੇ ਟਿੰਮਾ ਦੀ ਜਲਦ ਰਿਹਾਈ ਹੋਣੀ ਚਾਹੀਦੀ ਹੈਂ।
ਐਡਵੋਕੇਟ ਧਾਮੀ ਨੇ ਵੀ ਰਾਜਸਥਾਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੰਗਾਨਗਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਵਾਪਰੀ ਪੂਰੀ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਗੁਰਦੁਆਰਾ ਸਾਹਿਬ ਦੀ ਮਰਯਾਦਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਵਿਰੁੱਧ ਦਰਜ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।


Click it and Unblock the Notifications
