ਸਚਿਨ ਪਾਇਲਟ ਦੇ ਫੀਡਬੈਕ ਨੇ ਕਰਾਈ 'ਵੜਿੰਗ' ਦੀ ਛੁੱਟੀ! ਜਾਣੋ ਕਿਸ ਆਗੂ ਨੂੰ ਮਿਲੀ ਪੰਜਾਬ ਦੀ ਕਮਾਨ!
ਪੰਜਾਬ ਕਾਂਗਰਸ ਵਿੱਚ ਜਲਦ ਹੀ ਇੱਕ ਵੱਡਾ ਬਦਲਾਅ ਹੋ ਸਕਦਾ ਹੈ। ਚਰਚਾਵਾਂ ਹਨ ਕਿ ਆਉਣ ਵਾਲੇ 1-2 ਦਿਨਾਂ 'ਚ ਰਾਜਾ ਵੜਿੰਗ ਦੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ ਅਤੇ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।
ਦਰਅਸਲ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਾਲੇ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਵੱਡਾ ਸੰਗਠਨਾਤਮਕ ਬਦਲਾਅ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ 'ਤੇ ਵਿਚਾਰ ਕਰ ਰਹੀ ਹੈ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਵੱਲੋਂ ਦਿੱਤੀ ਗਈ ਰਿਪੋਰਟ ਅਤੇ ਫੀਡਬੈਕ ਤੋਂ ਬਾਅਦ ਹਾਈਕਮਾਂਡ ਇਹ ਫੈਸਲਾ ਲੈਣ ਜਾ ਰਹੀ ਹੈ।

ਵੜਿੰਗ ਦੀ ਥਾਂ ਕੌਣ ਬਣ ਸਕਦਾ ਹੈ ਪ੍ਰਧਾਨ?
ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਉਣ ਬਾਰੇ ਹਾਈਕਮਾਂਡ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਰਿਪੋਰਟਾਂ ਮੁਤਾਬਕ ਜੇਕਰ ਰਾਜਾ ਵੜਿੰਗ ਨੂੰ ਬਦਲਿਆ ਜਾਂਦਾ ਹੈ ਤਾਂ ਕਾਂਗਰਸ ਵਿੱਚ ਨਵੇਂ ਪ੍ਰਧਾਨ ਦੇ ਅਹੁਦੇ ਲਈ ਕਈ ਨਾਂਅ ਚਰਚਾ ਵਿੱਚ ਹਨ। ਇਨ੍ਹਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਸੰਭਾਵਿਤ ਦਾਅਵੇਦਾਰਾਂ ਦੀ ਲਿਸਟ ਵਿੱਚ ਅੱਗੇ ਹੈ।
ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਸੰਗਠਨ ਅਤੇ ਲੀਡਰਸ਼ਿਪ ਨੂੰ ਲੈ ਕੇ ਅੰਦਰੂਨੀ ਮਤਭੇਦਾਂ ਦੀਆਂ ਰਿਪੋਰਟਾਂ ਸਾਹਮਣੇ ਆ ਚੁਕੀਆਂ ਹਨ। ਕੁਝ ਆਗੂਆਂ ਵੱਲੋਂ ਰਾਜਾ ਵੜਿੰਗ ਦੀ ਅਗਵਾਈ 'ਤੇ ਸਵਾਲ ਵੀ ਚੁੱਕੇ ਗਏ ਸਨ। ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦੀ ਆਪਸੀ ਖੁੰਦਕ ਦਾ ਪੂਰੇ ਪੰਜਾਬ ਦੇ ਸਾਹਮਣੇ ਹੈ।
ਹਾਲਾਂਕਿ ਰਾਹੁਲ ਗਾਂਧੀ ਜਦੋਂ ਪੰਜਾਬ ਆਏ ਸੀ ਤਾਂ ਉਨ੍ਹਾਂ ਨੇ ਭਰੀ ਸਟੇਜ਼ ਤੋਂ ਕਾਂਗਰਸ ਆਗੂਆਂ ਨੂੰ ਘੂਰੀ ਵੱਟ ਕੇ ਕਿਹਾ ਸੀ ਕਿ ਕੋਈ ਆਗੂ ਪਾਰਟੀ ਤੋਂ ਵੱਡਾ ਨਹੀਂ ਹੈ। ਪਾਰਟੀ ਦਾ ਫੈਸਲਾ ਅਖਰੀ ਫੈਸਲਾ ਹੋਵੇਗਾ। ਰਾਹੁਲ ਗਾਂਧੀ ਦੀ ਇਸ ਕਲਾਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਅੰਦਰਲੀ ਖਿੱਚੋਤਾਣ ਖ਼ਤਮ ਹੋ ਜਾਏਗੀ ਪਰ ਅਜਿਹਾ ਕੁੱਝ ਨਹੀਂ ਹੋਇਆ। ਹਾਲਾਂਕਿ ਹੁਣ ਤੱਕ ਹਾਈਕਮਾਨ ਰਾਜਾ ਵੜਿੰਗ ਦਾ ਸਮਰਥਨ ਕਰਦੀ ਰਹੀ ਹੈ।
ਪਰ ਹੁਣ ਚਰਚਾਵਾਂ ਤੇਜ਼ ਹਨ ਕਿ ਸਚਿਨ ਪਾਇਲਟ ਦੀ ਰਿਪੋਰਟ ਅਤੇ ਫੀਡਬੈਕ ਤੋਂ ਬਾਅਦ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦਾ ਫ਼ੈਸਲਾ ਕਰ ਲਿਆ ਹੈ।


Click it and Unblock the Notifications
