ਚਿਤਕਾਰਾ ਯੂਨੀਵਰਸਿਟੀ ਮਾਮਲਾ: ਮਹਿਲਾ ਕਮਿਸ਼ਨ ਨੇ ਲਿਆ ਸੂ- ਮੋਟੋ, DC-SSP ਤੋਂ 30 ਸਤੰਬਰ ਤੱਕ ਰਿਪੋਰਟ ਤਲਬ
ਸੋਸ਼ਲ ਮੀਡੀਆ 'ਤੇ ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਨਾਲ ਸਬੰਧਤ ਵਾਇਰਲ ਹੋਈਆਂ 'ਅਫ਼ਵਾਹਾਂ' ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ-ਮੋਟੋ ਨੋਟਿਸ ਲਿਆ ਹੈ।
ਕਮਿਸ਼ਨ ਵੱਲੋਂ ਇਸ ਮਾਮਲੇ 'ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ SSP ਨੂੰ ਨੋਟਿਸ ਜਾਰੀ ਕਰ ਕੇ 30 ਸਤੰਬਰ ਤੱਕ ਇਸ ਘਟਨਾਕ੍ਰਮ ਦੀ ਵਿਸਥਾਰਪੂਰਵਕ ਸਟੇਟਸ ਰਿਪੋਰਟ ਸੌਂਪਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਚਿਤਕਾਰਾ ਯੂਨੀਵਰਸਿਟੀ ਦੇ ਹੋਸਟਲ ਅੰਦਰ ਭੂਤ ਹੋਣ, ਵਿਦਿਆਰਥਣਾਂ ਵੱਲੋਂ ਖ਼ੁਦਕੁਸ਼ੀ ਕਰਨ ਅਤੇ ਕੁਝ ਵਿਦਿਆਰਥਣਾਂ ਦੇ ਲਾਪਤਾ ਹੋਣ ਵਰਗੀਆਂ ਅਫ਼ਵਾਹਾਂ ਤੇਜ਼ੀ ਨਾਲ ਫੈਲ ਗਈਆਂ ਸਨ।

ਇਨ੍ਹਾਂ ਅਫ਼ਵਾਹਾਂ ਮਗਰੋਂ ਵੱਡੀ ਗਿਣਤੀ ਵਿਚ ਵਿਦਿਆਰਥੀ-ਵਿਦਿਆਰਥਣਾਂ ਅੱਧੀ ਰਾਤ ਨੂੰ ਹੋਸਟਲਾਂ ਵਿਚੋਂ ਬਾਹਰ ਨਿਕਲ ਆਏ ਅਤੇ ਕੈਂਪਸ ਵਿਚ ਇਕੱਠੇ ਹੋ ਕੇ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਕੈਂਪਸ ਦੇ ਸੁਰੱਖਿਆ ਪ੍ਰਬੰਧਾਂ ਤੇ ਗੰਭੀਰ ਸਵਾਲ ਚੁੱਕਦਿਆਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।
ਵਿਦਿਆਰਥੀਆਂ ਦਾ ਦੋਸ਼ ਸੀ ਕਿ ਜੇਕਰ ਕੁੱਝ ਨਹੀਂ ਹੋਇਆ ਤਾਂ ਫਿਰ ਹੋਸਟਲ ਵਿੱਚੋਂ ਆਈ ਚੀਕ ਦੀ ਆਵਾਜ਼ ਕਿਸਦੀ ਸੀ ? ਵਿਦਿਆਰਥੀਆਂ ਨੇ ਇਹ ਵੀ ਪੁੱਛਿਆ ਕਿ ਐਂਬੂਲੈਂਸ, ਹੋਸਟਲ ਅੰਦਰ ਕਿਸ ਕੰਮ ਲਈ ਆਈ ਸੀ ਜੇਕਰ ਕੁੱਝ ਹੋਈ ਹੀ ਨਹੀਂ ਸੀ।
ਦੂਜੇ ਪਾਸੇ, ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਸੇ ਵੀ ਵਿਦਿਆਰਥਣ ਦੀ ਮੌਤ ਜਾਂ ਖ਼ੁਦਕੁਸ਼ੀ ਨਾਲ ਜੁੜੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਨ੍ਹਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਗਈਆਂ ਅਫ਼ਵਾਹਾਂ ਕਰਾਰ ਦਿੱਤਾ ਸੀ। ਹੁਣ ਮਹਿਲਾ ਕਮਿਸ਼ਨ ਨੇ ਇਸ ਪੂਰੇ ਮਾਮਲੇ 'ਤੇ ਡੀ. ਸੀ. ਅਤੇ ਐੱਸ. ਐੱਸ. ਪੀ. ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।


Click it and Unblock the Notifications
