LPU ਵਿਵਾਦ 'ਤੇ ਬਲਤੇਜ ਪੰਨੂ ਦਾ ਬਿਆਨ, ਕਿਹਾ- ਵਿਰੋਧੀਆਂ ਨੇ ਕੀਤੀ ਗਿਰਝਾਂ ਵਾਲੀ ਸਿਆਸਤ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ਼ ਬਲਤੇਜ਼ ਪੰਨੂ ਨੇ ਪ੍ਰਤੀਕਰਮ ਦਿੱਤਾ ਹੈ। LPU ਵਿੱਚ ਹੋਈ ਹਿੰਸਾ ਅਤੇ ਹਾਈਵੇ ਬਲਾਕ ਹੋਣ ਦੇ ਮਾਮਲੇ 'ਤੇ ਗੱਲ ਕਰਦਿਆਂ ਬਲਤੇਜ ਪੰਨੂ ਨੇ ਪੰਜਾਬ ਪੁਲਿਸ ਦੀ ਕਾਰਵਾਈ ਦਾ ਜ਼ਿਕਰ ਕਰਦਿਆਂ ਪੁਲਿਸ ਦੇ ਕੰਮ ਦੀ ਸ਼ਲਾਘਾ ਕੀਤੀ।
ਬਲਤੇਜ਼ ਪੰਨੂ ਨੇ ਕਿਹਾ ਕਿ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਪੈਲੇਟ ਗਨ ਜਾਂ ਕੰਡੇਦਾਰ ਡੰਡਿਆਂ ਦੀ ਵਰਤੋਂ ਨਹੀਂ ਕੀਤੀ ਜਿਵੇਂ ਦਿੱਲੀ ਦੇ ਜੰਤਰ-ਮੰਤਰ 'ਤੇ ਬੱਚਿਆਂ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸ਼ਾਂਤ ਹੋਣ ਵਿੱਚ ਕੁਝ ਸਮਾਂ ਜਰੂਰ ਲੱਗਿਆ, ਪਰ ਅਤੇ ਪੁਲਿਸ ਨੇ ਬਹੁਤ ਤਰੀਕੇ ਨਾਲ ਪੂਰੀ ਸਥਿਤੀ ਨੂੰ ਕਾਬੂ ਕੀਤਾ ਅਤੇ ਹੁਣ ਸਥਿਤੀ ਕੰਟਰੋਲ 'ਚ ਹੈ।

ਪੰਨੂ ਨੇ ਇਸ ਮਾਮਲੇ ਨੂੰ ਲੈ ਕੇ ਵਿਰੋਧੀਆਂ 'ਤੇ ਵੀ ਤਿੱਖੇ ਨਿਸ਼ਾਨੇ ਵਿਨ੍ਹੇ। ਪੰਨੂ ਨੇ ਕਿਹਾ ਕਿ ਵਿਰੋਧੀ ਸਿਆਸੀ ਆਗੂਆਂ ਨੇ ਇਸ ਮਾਮਲੇ ਨੂੰ ਕੈਸ਼ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀਆਂ ਲੀਡਰਾਂ ਨੇ ਇੱਕ ਵਾਰ ਫਿਰ ਗਿਰਝਾਂ ਵਾਲੀ ਸਿਆਸਤ ਕੀਤੀ ਹੈ। ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ 'ਤੇ LPU ਦੀ ਵੀਡੀਓਜ਼ ਸਾਂਝੀ ਕਰਨ ਦੇ ਮਾਮਲੇ 'ਤੇ ਬੋਲਦਿਆਂ ਬਲਤੇਜ਼ ਪੰਨੂ ਨੇ ਕਿਹਾ ਕਿ ਇਨ੍ਹਾਂ ਤੋਂ ਬਰਦਾਸ਼ਤ ਹੋ ਨਹੀਂ ਹੋ ਰਿਹਾ ਕਿ ਪੰਜਾਬ 'ਚ ਇਹ ਮਸਲਾ ਸ਼ਾਂਤੀ ਨਾਲ ਕਿਵੇਂ ਸੁਲਝ ਗਿਆ, ਕਿਉਂਕਿ ਵਿਰੋਧੀ ਚਾਹੁੰਦੇ ਸੀ ਕਿ ਇੱਥੇ ਵੀ ਦਿੱਲੀ ਦੇ ਜੰਤਰ-ਮੰਤਰ ਵਰਗਾ ਮਾਹੌਲ ਬਣੇ ਤਾਂ ਕਿ ਸਰਕਾਰ 'ਤੇ ਸਵਾਲ ਚੁੱਕ ਸਕਣ ਪਰ ਪੰਜਾਬ ਪੁਲਿਸ ਨੇ ਅਜਿਹੀ ਨੌਬਤ ਆਉਣ ਹੀ ਨਹੀਂ ਦਿੱਤੀ।
ਅਮਰਜੀਤ ਚਾਵਲਾ ਵਾਲੇ ਮਾਮਲੇ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਸੁਖਬੀਰ ਬਾਦਲ 'ਤੇ ਤੰਜ ਕਸਿਆ। ਉਨ੍ਹਾਂ ਕਿਹਾ ਕਿ ਇੰਨੇ ਗੰਭੀਰ ਮਸਲੇ 'ਤੇ ਸੁਖਬੀਰ ਬਾਦਲ ਪਿਛਲੇ ਕਈ ਦਿਨਾਂ ਤੋਂ ਇੱਕ ਲਫਜ਼ ਤੱਕ ਨਹੀਂ ਬੋਲੇ ਪਰ LPU ਵਾਲੇ ਮਸਲੇ 'ਤੇ ਝੱਟ ਇਹ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈ ਗਏ। ਪੰਨੂ ਮੁਤਾਬਕ ਸੁਖਬੀਰ ਬਾਦਲ ਨੂੰ ਲੋਕ ਪਸੰਦ ਨਹੀਂ ਕਰ ਰਹੇ ਇਸੀ ਕਰਕੇ ਇਹ ਸਾਰੇ ਮੌਕੇ ਦੀ ਭਾਲ 'ਚ ਰਹਿੰਦੇ ਹਨ ਕਿ ਕਿਸੀ ਮੁੱਦੇ ਨੂੰ ਵੱਡਾ ਬਣਾ ਕੇ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਣ।
ਪੰਨੂ ਨੇ ਸਾਫ਼ ਕੀਤਾ ਕਿ ਮਾਮਲੇ ਦੀ ਜਾਂਚ SIT ਕਰ ਰਹੀ ਹੈ ਅਤੇ ਪੂਰਾ ਮਾਮਲਾ DGP ਦੀ ਨਿਗਰਾਨੀ ਹੇਠ ਦੇਖਿਆ ਜਾ ਰਿਹਾ ਹੈ।
ਬਲਤੇਜ ਪੰਨੂ ਨੇ ਸੋਸ਼ਲ ਮੀਡੀਆ 'ਤੇ ਵਿਰੋਧੀਆਂ ਵੱਲੋਂ ਪਾਈ ਗਈ ਉਸ ਵੀਡੀਓ ਦਾ ਵੀ ਜਿਕਰ ਕੀਤਾ ਜਿਸਦੇ ਵਿੱਚ ਬਾਹਰੀ ਲੋਕਾਂ ਦੇ LPU 'ਚ ਦਾਖਲ ਹੋਣ ਦੀ ਗੱਲ ਕਹੀ ਗਈ ਸੀ। ਪੰਨੂ ਨੇ ਕਿਹਾ ਕਿ ਜੋ ਵੀਡੀਓ 'ਚ ਦਾਅਵਾ ਕੀਤਾ ਗਿਆ ਹੈ ਉਹ ਝੂਠ ਹੈ ਕਿਉਂਕਿ ਉਹ ਬਾਹਰੀ ਨਹੀਂ ਬਲਕਿ LPU 'ਚ ਪੜ੍ਹ ਰਹੇ ਕਿਸੀ ਬੱਚੇ ਦੇ ਘਰ ਦੇ ਸਨ ਜੋ ਕਿ ਖ਼ਰਾਬ ਮਾਹੌਲ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਮਿਲਣ ਆਏ ਸੀ। ਪੰਨੂ ਨੇ ਕਿਹਾ ਕਿ ਉਹ ਫ਼ੌਜ ਨਾਲ ਸੰਬੰਧਤ ਲੋਕ ਸੀ ਇਸੀ ਕਰਕੇ ਉਨ੍ਹਾਂ ਕੋਲ਼ ਵਾਕੀ-ਟਾਕੀ ਸੀ।
ਪੰਨੂ ਨੇ ਵਿਰੋਧੀਆਂ 'ਤੇ ਬਿਨਾ ਮਾਮਲੇ ਦੀ ਤਸਦੀਕ ਕੀਤੇ ਗ਼ਲਤ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਦੇ ਇਲਜ਼ਾਮ ਵੀ ਲਾਏ।


Click it and Unblock the Notifications
