ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੈ ਉੜੀਸਾ ਦੇ ਸ਼ਹਿਰ 'ਕਟਕ' ਦਾ ਇਤਿਹਾਸ, ਪੜ੍ਹੋ IAS ਕਿਰਨਦੀਪ ਕੌਰ ਸਹੋਤਾ ਦਾ ਪੂਰਾ ਲੇਖ
ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆਂ 'ਚ ਵਸਦੀ ਸਿੱਖ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਪਰ ਸ਼ਾਇਦ ਕੁੱਝ ਲੋਕਾਂ ਨੂੰ ਹੀ ਇਹ ਪਤਾ ਹੈ ਕਿ 1000 ਸਾਲ ਪੁਰਾਣਾ ਵਿਰਾਸਤੀ ਸ਼ਹਿਰ ਕਟਕ (ਕਟਕਾ) ਇਸ ਗੱਲੋਂ ਵਿਸ਼ੇਸ਼ ਤੌਰ 'ਤੇ ਸੁਭਾਗਾ ਹੈ ਕਿਉਂਕਿ ਇਸ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਅਤੇ ਉਨ੍ਹਾਂ ਦੀ ਅਧਿਆਤਮਿਕ ਯਾਤਰਾ ਨਾਲ ਜੁੜਿਆ ਹੋਇਆ ਹੈ।
ਸਰਬਸ਼ਕਤੀਮਾਨ ਪਰਮਾਤਮਾ ਦੀ ਇੱਕਤਾ, ਮਨੁੱਖੀ ਏਕਤਾ ਅਤੇ ਸਮੁੱਚੀ ਮਨੁੱਖਤਾ ਦੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਬਾਬਾ ਨਾਨਕ ਜੀ ਨੇ ਕਈ ਉਦਾਸੀਆਂ (ਅਧਿਆਤਮਿਕ ਯਾਤਰਾਵਾਂ) ਕੀਤੀਆਂ। ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਪੈਦਲ 30 ਹਜ਼ਾਰ ਮੀਲ ਤੋਂ ਵੱਧ ਦਾ ਸਫ਼ਰ ਤੈਅ ਕੀਤਾ ਸੀ ਅਤੇ ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਮੱਧ ਏਸ਼ੀਆ ਅਤੇ ਮੱਧ ਪੂਰਬ ਦੀਆਂ ਵੱਖ-ਵੱਖ ਥਾਵਾਂ ਅਤੇ ਸਭਿਅਤਾਵਾਂ ਤੱਕ ਪਹੁੰਚੇ।

ਇਤਿਹਾਸਕ ਵੇਰਵਿਆਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1506 ਤੋਂ 1509 ਦੇ ਦਰਮਿਆਨ ਪੁਰੀ ਦੀ ਯਾਤਰਾ ਕੀਤੀ ਸੀ। ਇਸ ਯਾਤਰਾ ਦੌਰਾਨ ਅਤੇ ਵਾਪਸੀ ਸਮੇਂ ਉਨ੍ਹਾਂ ਨੇ ਮਹਾਨਦੀ ਦੇ ਪਵਿੱਤਰ ਕੰਢੇ ਵਸੇ ਕਟਕ ਸ਼ਹਿਰ ਵਿੱਚ ਵੀ ਠਹਿਰਾਅ ਕੀਤਾ ਸੀ। ਲੋਕ-ਮਾਨਤਾਵਾਂ ਅਨੁਸਾਰ ਗੁਰੂ ਸਾਹਿਬ ਵੱਲੋਂ ਦਾਤਣ ਕਰਨ ਤੋਂ ਬਾਅਦ ਬਚੀ ਹੋਈ ਟਹਿਣੀ ਤੋਂ ਇੱਥੇ ਇੱਕ ਵਿਸ਼ਾਲ ਸਹਾੜਾ ਦਾ ਦਰੱਖਤ ਉੱਗਿਆ ਸੀ। ਅੱਜ ਵੀ ਇਹ ਪਵਿੱਤਰ ਸਹਾੜਾ ਦਾ ਦਰੱਖਤ ਅਤੇ ਗੁਰਦੁਆਰਾ ਗੁਰੂ ਨਾਨਕ ਦਾਤਨ ਸਾਹਿਬ ਮਹਾਨਦੀ ਦੇ ਕੰਢੇ ਕਟਕ ਵਿੱਚ ਮੌਜੂਦ ਹਨ। ਇਹ ਦੋਵੇਂ ਸਥਾਨ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਇਸ ਸ਼ਹਿਰ ਦੇ ਅਧਿਆਤਮਿਕ ਸਬੰਧਾਂ ਦੀ ਯਾਦ ਦਿਵਾਉਂਦੇ ਹਨ।
ਸ੍ਰੀ ਜਗਨਨਾਥ ਪੁਰੀ ਵਿਖੇ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਿਆ ਗਿਆ ਆਰਤੀ ਸ਼ਬਦ
ਕਟਕ ਤੋਂ ਬਾਅਦ ਬਾਬਾ ਨਾਨਕ ਜੀ ਸ੍ਰੀ ਜਗਨਨਾਥ ਪੁਰੀ ਵਿਖੇ ਮਹਾਪ੍ਰਭੂ ਸ੍ਰੀ ਜਗਨਨਾਥ ਜੀ ਦੇ ਦਰਸ਼ਨਾਂ ਲਈ ਪਹੁੰਚੇ। ਮਾਨਤਾ ਅਨੁਸਾਰ, ਮੰਦਰ ਵਿੱਚ ਸ਼ਾਮ ਦੀ ਆਰਤੀ ਸਮੇਂ ਗੁਰੂ ਸਾਹਿਬ ਡੂੰਘੀ ਧਿਆਨ ਅਵਸਥਾ ਵਿੱਚ ਲੀਨ ਹੋ ਗਏ ਅਤੇ ਉਨ੍ਹਾਂ ਨੇ ਰਾਗ ਧਨਾਸਰੀ ਵਿੱਚ ਇੱਕ ਬ੍ਰਹਿਮੰਡੀ ਆਰਤੀ ਦਾ ਉਚਾਰਨ ਕੀਤਾ, ਜੋ 'ਗਗਨ ਮੈ ਥਾਲੁ' ਦੇ ਨਾਂ ਨਾਲ ਪ੍ਰਸਿੱਧ ਹੈ।
"ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ..."
ਇਸ ਦਾ ਭਾਵ ਹੈ ਕਿ ਆਕਾਸ਼ ਰੂਪੀ ਥਾਲ ਵਿੱਚ ਸੂਰਜ ਅਤੇ ਚੰਦ ਦੀਵੇ ਬਣੇ ਹੋਏ ਹਨ ਅਤੇ ਤਾਰੇ ਮੋਤੀਆਂ ਵਾਂਗ ਚਮਕ ਰਹੇ ਹਨ। ਇਸ ਆਰਤੀ ਨੂੰ 'ਵਿਸ਼ਵ ਦੀ ਆਰਤੀ' ਵੀ ਕਿਹਾ ਜਾਂਦਾ ਹੈ। ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 13 'ਤੇ ਦਰਜ ਕੀਤਾ ਗਿਆ ਹੈ ਅਤੇ ਇਸ ਦਾ ਇੱਕ ਹੋਰ ਸਬੰਧਤ ਸ਼ਬਦ ਅੰਗ 663 'ਤੇ ਵੀ ਦਰਜ ਹੈ। ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਸਿੱਖ ਸੰਗਤਾਂ ਅਤੇ ਲੱਖਾਂ ਸ਼ਰਧਾਲੂ ਇਸ ਸ਼ਬਦ ਦਾ ਨਿੱਤ ਸ਼ਰਧਾ ਨਾਲ ਗਾਇਨ ਕਰਦੇ ਹਨ।
ਸ੍ਰੀ ਜੈਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਬੰਧ
ਪੁਰੀ ਵਿਖੇ ਆਪਣੇ ਠਹਿਰਾਅ ਦੌਰਾਨ ਬਾਬਾ ਨਾਨਕ ਜੀ ਨੂੰ 12ਵੀਂ ਸਦੀ ਦੇ ਮਹਾਨ ਸੰਤ ਅਤੇ ਕਵੀ ਸ੍ਰੀ ਜੈਦੇਵ ਜੀ ਦੀ ਰਚਨਾ 'ਗੀਤ ਗੋਵਿੰਦ' ਬਾਰੇ ਜਾਣਕਾਰੀ ਮਿਲੀ। ਸ੍ਰੀ ਜੈਦੇਵ ਜੀ ਦਾ ਜਨਮ ਓਡੀਸ਼ਾ ਦੇ ਕੇਂਦੁਬਿਲਵਾ ਵਿਖੇ ਹੋਇਆ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸੰਸਕ੍ਰਿਤ ਅਤੇ ਓਡੀਆ ਭਾਸ਼ਾ ਨਾਲ ਜੁੜੀ ਸਾਹਿਤਕ ਰਚਨਾ ਨੇ ਗੁਰੂ ਸਾਹਿਬ ਨੂੰ ਬਹੁਤ ਪ੍ਰਭਾਵਿਤ ਕੀਤਾ। ਇਤਿਹਾਸਕ ਵੇਰਵਿਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜੈਦੇਵ ਜੀ ਦੀਆਂ ਰਚਨਾਵਾਂ ਨੂੰ ਇਕੱਠਾ ਕੀਤਾ ਅਤੇ ਅਗਲੇ ਸਿੱਖ ਗੁਰੂ ਸਾਹਿਬਾਨ ਤੱਕ ਪਹੁੰਚਾਇਆ। ਸਾਲ 1604 ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਜੈਦੇਵ ਜੀ ਦੇ ਦੋ ਸ਼ਬਦਾਂ ਨੂੰ ਆਦਿ ਗ੍ਰੰਥ ਵਿੱਚ ਸ਼ਾਮਲ ਕੀਤਾ।
ਇਸ ਤਰ੍ਹਾਂ ਸ੍ਰੀ ਜਗਨਨਾਥ ਜੀ ਦੇ ਭਗਤ ਸ੍ਰੀ ਜੈਦੇਵ ਜੀ ਨੂੰ ਸਿੱਖ ਪਰੰਪਰਾ ਵਿੱਚ 'ਭਗਤ ਜੈਦੇਵ ਜੀ' ਵਜੋਂ ਸਤਿਕਾਰ ਪ੍ਰਾਪਤ ਹੋਇਆ। ਉਨ੍ਹਾਂ ਦੇ ਦੋ ਸ਼ਬਦ ਰਾਗ ਗੂਜਰੀ ਅਤੇ ਰਾਗ ਮਾਰੂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 526 ਅਤੇ 1106 'ਤੇ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਰਚਨਾਵਾਂ ਦਾ ਸ਼ਾਮਲ ਹੋਣਾ ਪੰਜਾਬ ਅਤੇ ਓਡੀਸ਼ਾ ਦੀਆਂ ਅਧਿਆਤਮਿਕ ਅਤੇ ਸਾਹਿਤਕ ਪਰੰਪਰਾਵਾਂ ਵਿਚਕਾਰ ਡੂੰਘੇ ਸਬੰਧਾਂ ਦੀ ਮਿਸਾਲ ਹੈ।
ਭਾਈ ਹਿੰਮਤ ਸਿੰਘ ਜੀ: ਪੰਜਾਬ ਤੋਂ ਪਹਿਲਾਂ ਦੇ ਪੰਜ ਪਿਆਰਿਆਂ ਵਿੱਚੋਂ ਇੱਕ
ਇਸ ਤੋਂ ਬਾਅਦ ਪੰਜਾਬ ਅਤੇ ਓਡੀਸ਼ਾ ਦੇ ਸਬੰਧਾਂ ਦੀ ਇੱਕ ਹੋਰ ਮਹੱਤਵਪੂਰਨ ਕੜੀ ਭਾਈ ਹਿੰਮਤ ਸਿੰਘ ਜੀ ਹਨ। ਉਨ੍ਹਾਂ ਦਾ ਜਨਮ 18 ਜਨਵਰੀ 1661 ਨੂੰ ਜਗਨਨਾਥ ਪੁਰੀ ਵਿਖੇ ਹੋਇਆ ਸੀ। ਉਨ੍ਹਾਂ ਨੇ 1699 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋ ਕੇ ਪੰਜ ਪਿਆਰਿਆਂ ਵਿੱਚ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਭਾਈ ਹਿੰਮਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਦਸੰਬਰ 1705 ਵਿੱਚ ਚਮਕੌਰ ਦੀ ਜੰਗ ਦੌਰਾਨ ਉਨ੍ਹਾਂ ਨੇ ਧਰਮ ਅਤੇ ਸਿੱਖੀ ਦੀ ਰੱਖਿਆ ਕਰਦਿਆਂ ਸ਼ਹਾਦਤ ਪ੍ਰਾਪਤ ਕੀਤੀ। ਇਸ ਤਰ੍ਹਾਂ ਓਡੀਸ਼ਾ ਦੀ ਧਰਤੀ 'ਤੇ ਜਨਮੇ ਭਾਈ ਹਿੰਮਤ ਸਿੰਘ ਜੀ ਦਾ ਨਾਂ ਸਿੱਖ ਇਤਿਹਾਸ ਵਿੱਚ ਸਦਾ ਲਈ ਅਮਰ ਹੋ ਗਿਆ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਵੀ ਕਟਕ ਨਾਲ ਸੀ ਨਾਤਾ
ਬਹੁਤ ਘੱਟ ਲੋਕ ਜਾਣਦੇ ਹਨ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਜਨਮੇ ਗ਼ਦਰ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਅਤੇ ਸਭ ਤੋਂ ਨੌਜਵਾਨ ਸ਼ਹੀਦਾਂ ਵਿੱਚ ਸ਼ਾਮਲ ਸ਼ਹੀਦ ਕਰਤਾਰ ਸਿੰਘ ਸਰਾਭਾ (1896-1915) ਦਾ ਵੀ ਕਟਕ ਨਾਲ ਇਤਿਹਾਸਕ ਸਬੰਧ ਰਿਹਾ ਹੈ। ਉਨ੍ਹਾਂ ਨੇ ਸਾਲ 1909 ਤੋਂ 1911 ਦੌਰਾਨ ਕਟਕ ਦੇ ਰੇਵੇਨਸ਼ਾ ਕਾਲੇਜੀਏਟ ਸਕੂਲ ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਸਮੇਂ ਦੌਰਾਨ ਕਟਕ ਵਿੱਚ ਰਹੇ। ਉਨ੍ਹਾਂ ਦੀ ਹਿੰਮਤ, ਬਹਾਦਰੀ ਅਤੇ ਦੇਸ਼ ਲਈ ਦਿੱਤੀ ਗਈ ਮਹਾਨ ਕੁਰਬਾਨੀ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਰਾਸ ਬਿਹਾਰੀ ਬੋਸ, ਨੇਤਾਜੀ ਸੁਭਾਸ਼ ਚੰਦਰ ਬੋਸ ਸਮੇਤ ਕਈ ਇਨਕਲਾਬੀਆਂ ਨੂੰ ਪ੍ਰੇਰਿਤ ਕੀਤਾ।
ਇਸ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੀਵਨ ਵੀ ਪੰਜਾਬ ਅਤੇ ਓਡੀਸ਼ਾ ਦੇ ਇਤਿਹਾਸਕ ਸਬੰਧਾਂ ਦੀ ਇੱਕ ਅਹਿਮ ਕੜੀ ਹੈ।ਬਾਲੀ ਯਾਤਰਾ ਦੌਰਾਨ ਵਿਦਿਆਰਥੀ ਕਰ ਰਹੇ ਹਨ ਪੰਜਾਬ-ਓਡੀਸ਼ਾ ਦੇ ਸਾਂਝੇ ਇਤਿਹਾਸ ਦੀ ਖੋਜ
ਇਨ੍ਹਾਂ ਸਾਰੇ ਮਹਾਨ ਗੁਰੂ ਸਾਹਿਬਾਨ, ਭਗਤਾਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਉਨ੍ਹਾਂ ਦੀ ਯਾਦ ਨੂੰ ਸਾਂਭਣ ਲਈ ਕਟਕ ਦੇ ਸਕੂਲੀ ਵਿਦਿਆਰਥੀ ਪੰਜਾਬ ਅਤੇ ਓਡੀਸ਼ਾ ਵਿਚਕਾਰ ਇਨ੍ਹਾਂ ਇਤਿਹਾਸਕ ਸਬੰਧਾਂ ਬਾਰੇ ਖੋਜ ਕਰ ਰਹੇ ਹਨ ਅਤੇ ਗੁੰਮਨਾਮ ਹੋ ਰਹੇ ਇਤਿਹਾਸ ਨੂੰ ਮੁੜ ਸਾਹਮਣੇ ਲਿਆਉਣ ਦਾ ਯਤਨ ਕਰ ਰਹੇ ਹਨ।
(ਲੇਖਕ - ਕਿਰਨਦੀਪ ਕੌਰ ਸਾਹੋਤਾ, ਆਈ.ਏ.ਐੱਸ., ਕਮਿਸ਼ਨਰ, ਕਟਕ ਮਿਊਂਸਪਲ ਕਾਰਪੋਰੇਸ਼ਨ ਅਤੇ ਬਿਸਵਰੰਜਨ ਸਾਸਮਲ, ਦਿੱਲੀ ਦੇ ਸਾਬਕਾ ਮੁੱਖ ਆਮਦਨ ਕਰ ਕਮਿਸ਼ਨਰ)


Click it and Unblock the Notifications
