ਬਿਹਾਰ ਨੂੰ ਮਿਲਿਆ ਤੋਹਫ਼ਾ: PM ਮੋਦੀ ਨੇ ਕੀਤਾ ‘ਨਿਤੀਸ਼ ਸੇਤੂ’ ਦਾ ਉਦਘਾਟਨ, ਨਿਤੀਸ਼ ਕੁਮਾਰ ਨੂੰ ਗਲ਼ ਨਾਲ ਲਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਦੇ ਵੈਸ਼ਾਲੀ ਵਿੱਚ ਗੰਗਾ ਨਦੀ 'ਤੇ ਬਣੇ ਕੱਚੀ ਦਰਗਾਹ-ਬਿਦੁਪੁਰ ਛੇ ਮਾਰਗੀ ਪੁਲ ਦਾ ਉਦਘਾਟਨ ਕੀਤਾ। ਇਸ ਪੁਲ ਦਾ ਨਾਮ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਮ 'ਤੇ 'ਨਿਤੀਸ਼ ਸੇਤੂ' ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਗਲੇ ਲਗਾਇਆ। ਉਦਘਾਟਨ ਤੋਂ ਬਾਅਦ ਉਨ੍ਹਾਂ ਨੇ ਪੁਲ 'ਤੇ ਸੈਰ ਕੀਤੀ ਅਤੇ ਆਪਣਾ ਗਮਛਾ ਲਹਿਰਾਇਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐੱਨ.ਡੀ.ਏ. ਦੀ ਸਰਕਾਰ ਆਉਣ ਤੋਂ ਪਹਿਲਾਂ ਬਿਹਾਰ ਵਿੱਚ ਘੁਟਾਲਿਆਂ ਦੀ ਗਿਣਤੀ ਹੁੰਦੀ ਸੀ, ਪਰ ਹੁਣ ਇੱਥੇ ਨਿਵੇਸ਼ ਦੇ ਅੰਕੜੇ ਗਿਣੇ ਜਾ ਰਹੇ ਹਨ।

ਮੋਦੀ ਨੇ ਕਿਹਾ- ਨਿਤੀਸ਼ ਦੀ ਅਗਵਾਈ ਹੇਠ ਬਿਹਾਰ ਨੂੰ ਮਿਲਿਆ ਸੁਸ਼ਾਸਨ
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਲਗਪਗ 16 ਮਿੰਟ ਦੇ ਭਾਸ਼ਣ ਵਿੱਚ ਕਿਹਾ ਕਿ ਗੰਗਾ ਮਈਆ 'ਤੇ ਬਣੇ ਇਸ ਪੁਲ ਦਾ ਨਾਮ ਨਿਤੀਸ਼ ਜੀ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਇਹ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਦੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਲਗਪਗ ਤਿੰਨ ਦਹਾਕੇ ਪਹਿਲਾਂ ਬਿਹਾਰ ਨੇ ਉਮੀਦ ਅਤੇ ਵਿਸ਼ਵਾਸ ਦੀ ਇੱਕ ਨਵੀਂ ਰਾਹ ਚੁਣੀ ਸੀ। ਜਿਸ ਬਿਹਾਰ ਨੂੰ ਦਹਾਕਿਆਂ ਤੱਕ ਬਦਹਾਲੀ ਦਾ ਸਾਹਮਣਾ ਕਰਨਾ ਪਿਆ, ਉਸ ਨੂੰ ਨਿਤੀਸ਼ ਜੀ ਦੀ ਅਗਵਾਈ ਹੇਠ ਸੁਸ਼ਾਸਨ ਦਾ ਭਰੋਸਾ ਮਿਲਿਆ।
ਬਿਹਾਰ ਵਿੱਚ 43 ਲੱਖ ਲੋਕਾਂ ਨੂੰ ਦਿੱਤੇ ਪੱਕੇ ਮਕਾਨ: ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗਰੀਬਾਂ ਨੂੰ ਘਰ ਅਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ ਬਿਜਲੀ ਅਤੇ ਪਾਣੀ ਦੀ ਸਹੂਲਤ ਘਰ-ਘਰ ਪਹੁੰਚਾ ਕੇ ਕਰੋੜਾਂ ਗਰੀਬ ਲੋਕਾਂ ਨੂੰ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਨਾਲ ਗਰੀਬਾਂ ਦੇ ਅੰਦਰ ਆਤਮਵਿਸ਼ਵਾਸ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਗਰੀਬੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਬਿਹਾਰ ਦਾ ਵੱਡਾ ਯੋਗਦਾਨ ਹੈ। ਡਬਲ ਇੰਜਣ ਸਰਕਾਰ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਹਾਰ ਵਿੱਚ 43 ਲੱਖ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏ ਗਏ ਹਨ।


Click it and Unblock the Notifications
