ਸਪਾਈਸਜੈੱਟ ਦੀ ਹਾਲਤ ਖ਼ਰਾਬ! ਕੰਪਨੀ ਕੋਲ ਬਚੇ ਸਿਰਫ਼ 13 ਜਹਾਜ਼, DGCA ਨੇ ਜਾਰੀ ਕੀਤਾ ਨੋਟਿਸ
ਸਾਲ 2019 ਵਿੱਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਰਹੀ ਸਪਾਈਸਜੈੱਟ ਕੋਲ ਹੁਣ ਸਿਰਫ਼ 13 ਜਹਾਜ਼ ਬਚੇ ਹਨ, ਜਿਨ੍ਹਾਂ ਵਿੱਚੋਂ 10 ਤੋਂ ਵੀ ਘੱਟ ਉਡਾਣ ਭਰਨ ਦੀ ਸਥਿਤੀ ਵਿੱਚ ਹਨ। ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਇਸ ਸਾਲ ਅਗਸਤ ਅਤੇ ਸਤੰਬਰ ਦੌਰਾਨ ਸਪਾਈਸਜੈੱਟ ਦੀਆਂ ਹਰ ਪੰਜ ਵਿੱਚੋਂ ਇੱਕ ਉਡਾਣ ਰੱਦ ਹੋਈ। ਪਿਛਲੇ 9 ਮਹੀਨਿਆਂ ਵਿੱਚ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 3.9 ਫ਼ੀਸਦੀ ਤੋਂ ਘਟ ਕੇ ਸਿਰਫ਼ 0.6 ਫ਼ੀਸਦੀ ਰਹਿ ਗਈ ਹੈ। ਲਗਾਤਾਰ ਉਡਾਣਾਂ ਰੱਦ ਹੋਣ, ਦੇਰੀ ਅਤੇ ਸੰਚਾਲਨ ਸਬੰਧੀ ਖਾਮੀਆਂ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਪਾਈਸਜੈੱਟ ਨੂੰ ਨੋਟਿਸ ਜਾਰੀ ਕੀਤਾ ਹੈ। 17 ਨਵੰਬਰ ਨੂੰ ਜਾਰੀ ਕੀਤੇ ਗਏ ਇਸ ਨੋਟਿਸ ਦਾ ਜਵਾਬ 7 ਦਿਨਾਂ ਦੇ ਅੰਦਰ ਮੰਗਿਆ ਗਿਆ ਹੈ।

ਕੰਪਨੀ ਸਿਰ 4,000 ਕਰੋੜ ਤੋਂ ਵੱਧ ਦਾ ਕਰਜ਼ਾ
ਕੰਪਨੀ ਸਿਰ 4,000 ਕਰੋੜ ਤੋਂ ਵੱਧ ਦਾ ਕਰਜ਼ਾ ਹੈ। ਜਹਾਜ਼ ਲੀਜ਼ 'ਤੇ ਦੇਣ ਵਾਲੀਆਂ ਕੰਪਨੀਆਂ ਨੂੰ ਭੁਗਤਾਨ ਨਾ ਕਰ ਸਕਣ ਕਾਰਨ ਸਪਾਈਸਜੈੱਟ ਦੇ ਕਈ ਜਹਾਜ਼ ਵਾਪਸ ਲੈ ਲਏ ਗਏ ਹਨ ਜਾਂ ਜ਼ਮੀਨ 'ਤੇ ਖੜ੍ਹੇ ਹਨ। ਘਰੇਲੂ ਹਵਾਈ ਬਾਜ਼ਾਰ ਵਿੱਚ ਸਪਾਈਸਜੈੱਟ ਦੀ ਹਿੱਸੇਦਾਰੀ ਫਰਵਰੀ ਵਿੱਚ 3.9 ਫ਼ੀਸਦੀ ਸੀ, ਜੋ ਅਗਸਤ ਵਿੱਚ ਘਟ ਕੇ 1.2 ਫ਼ੀਸਦੀ ਰਹਿ ਗਈ ਅਤੇ ਸਤੰਬਰ ਵਿੱਚ ਸਿਰਫ਼ 0.6 ਫ਼ੀਸਦੀ ਤੱਕ ਪਹੁੰਚ ਗਈ।
ਉੱਧਰ, ਬੀਐੱਸਈ (BSE) 'ਤੇ ਕੰਪਨੀ ਦੇ ਸ਼ੇਅਰ ਵਿੱਚ ਵੀ ਕਰੀਬ 5 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 9.74 ਰੁਪਏ 'ਤੇ ਆ ਗਿਆ। ਬੀਐੱਸਈ ਨੇ ਵੀ DGCA ਦੇ ਨੋਟਿਸ ਸਬੰਧੀ ਸਪਾਈਸਜੈੱਟ ਤੋਂ ਸਪੱਸ਼ਟੀਕਰਨ ਮੰਗਿਆ ਹੈ। ਨੋਟਿਸ ਜਾਰੀ ਹੋਣ ਤੋਂ ਅਗਲੇ ਦਿਨ 18 ਨਵੰਬਰ ਨੂੰ ਕੰਪਨੀ ਦੇ ਬੋਰਡ ਨੇ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰਨ ਲਈ 5,500 ਕਰੋੜ ਰੁਪਏ ਤੱਕ ਦੀ ਰਕਮ ਇਕੱਠੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।
ਸਤੰਬਰ ਵਿੱਚ ਸਪਾਈਸਜੈੱਟ ਦੀਆਂ 20 ਫ਼ੀਸਦੀ ਤੋਂ ਵੱਧ ਉਡਾਣਾਂ ਹੋਈਆਂ ਰੱਦ
DGCA ਦੇ ਸਤੰਬਰ ਮਹੀਨੇ ਦੇ ਅੰਕੜਿਆਂ ਅਨੁਸਾਰ, ਸਪਾਈਸਜੈੱਟ ਦੀਆਂ 20 ਫ਼ੀਸਦੀ ਤੋਂ ਵੱਧ ਨਿਰਧਾਰਤ ਉਡਾਣਾਂ ਰੱਦ ਹੋ ਗਈਆਂ। ਇਸ ਦੌਰਾਨ ਸਿਰਫ਼ 16.6 ਫ਼ੀਸਦੀ ਉਡਾਣਾਂ ਹੀ ਸਮੇਂ ਸਿਰ ਰਵਾਨਾ ਹੋ ਸਕੀਆਂ। ਇਸ ਸਮੇਂ ਦੌਰਾਨ ਲਗਭਗ 36 ਹਜ਼ਾਰ ਯਾਤਰੀਆਂ ਨੂੰ ਦੋ ਘੰਟਿਆਂ ਤੋਂ ਵੱਧ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ, ਜਦਕਿ 21,700 ਯਾਤਰੀ ਉਡਾਣਾਂ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ।
ਦੁਬਈ ਦੀ ਕੰਪਨੀ ਦਾ 35.8 ਕਰੋੜ ਰੁਪਏ ਬਕਾਇਆ
ਸਪਾਈਸਜੈੱਟ ਵੱਲ ਦੁਬਈ ਦੀ ਗਰਾਊਂਡ ਹੈਂਡਲਿੰਗ ਕੰਪਨੀ ਡੀਐਨਾਟਾ (Dnata) ਦਾ ਲਗਭਗ 35.8 ਕਰੋੜ ਰੁਪਏ ਬਕਾਇਆ ਹੈ। ਭੁਗਤਾਨ ਨਾ ਮਿਲਣ ਕਾਰਨ ਕੰਪਨੀ ਨੇ ਪਿਛਲੇ ਹਫ਼ਤੇ ਸਪਾਈਸਜੈੱਟ ਦੀਆਂ ਚੈੱਕ-ਇਨ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਇਸ ਕਾਰਨ ਦੁਬਈ ਤੋਂ ਆਉਣ-ਜਾਣ ਵਾਲੀਆਂ ਚਾਰ ਉਡਾਣਾਂ ਰੱਦ ਕਰਨੀਆਂ ਪਈਆਂ।


Click it and Unblock the Notifications
