ਮੁਅੱਤਲ DIG ਭੁੱਲਰ ਮਾਮਲੇ 'ਚ ED ਦਾ ਵੱਡਾ ਖੁਲਾਸਾ, ਕਈ ਸਰਕਾਰੀ ਅਧਿਕਾਰੀਆਂ ਲਈ ਕੰਮ ਕਰਦਾ ਸੀ ਕ੍ਰਿਸ਼ਨੂ ਸ਼ਾਰਦਾ
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲੀਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦਾ ਕਥਿਤ ਸਹਿਯੋਗੀ ਕ੍ਰਿਸ਼ਨੂ ਸ਼ਾਰਦਾ ਸਿਰਫ਼ ਭੁੱਲਰ ਲਈ ਹੀ ਨਹੀਂ, ਸਗੋਂ ਪੰਜਾਬ ਦੇ ਕਈ ਹੋਰ ਸਿਵਲ ਅਧਿਕਾਰੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਵੀ ਵਿਚੋਲੇ (ਦਲਾਲ) ਵਜੋਂ ਕੰਮ ਕਰ ਰਿਹਾ ਸੀ।
ਈ.ਡੀ. ਮੁਤਾਬਕ ਉਸ ਨੇ ਪੁਲੀਸ, ਸਿਵਲ ਪ੍ਰਸ਼ਾਸਨ, ਮਾਲ ਵਿਭਾਗ ਅਤੇ ਹੋਰ ਸਰਕਾਰੀ ਮਹਿਕਮਿਆਂ ਵਿੱਚ ਸੰਪਰਕਾਂ ਦਾ ਇੱਕ ਵੱਡਾ ਨੈੱਟਵਰਕ ਬਣਾਇਆ ਹੋਇਆ ਸੀ, ਜਿਸ ਦੀ ਵਰਤੋਂ ਉਹ ਪੈਸੇ ਲੈ ਕੇ ਤਬਾਦਲਿਆਂ, ਤਾਇਨਾਤੀਆਂ, ਨੰਬਰਦਾਰੀ, ਜ਼ਮੀਨ ਨਾਲ ਸਬੰਧਤ ਮਾਮਲਿਆਂ ਅਤੇ ਹੋਰ ਸਰਕਾਰੀ ਕੰਮ ਕਰਵਾਉਣ ਲਈ ਕਰਦਾ ਸੀ। ਈ.ਡੀ. ਨੇ ਇਹ ਗੰਭੀਰ ਦੋਸ਼ ਚੰਡੀਗੜ੍ਹ ਸਥਿਤ ਵਿਸ਼ੇਸ਼ ਪੀ.ਐੱਮ.ਐੱਲ.ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਅਦਾਲਤ ਵਿੱਚ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਦਾਖ਼ਲ ਕੀਤੀ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਵਿੱਚ ਲਾਏ ਹਨ।

ਕ੍ਰਿਸ਼ਨੂ ਅਤੇ ਉਸਦੀ ਪਤਨੀ ਦੇ ਖ਼ਾਤੇ 'ਚ ਜਮਾ ਹੋਏ 1 ਕਰੋੜ!
ਜਾਂਚ ਏਜੰਸੀ ਨੇ ਦੱਸਿਆ ਕਿ ਪੀ.ਐੱਮ.ਐੱਲ.ਏ.-2002 ਤਹਿਤ ਕੀਤੀ ਗਈ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਸ਼ਾਰਦਾ ਸਰਕਾਰੀ ਫ਼ਾਇਦੇ ਲੈਣ ਦੇ ਚਾਹਵਾਨ ਵਿਅਕਤੀਆਂ ਅਤੇ ਇਨ੍ਹਾਂ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਲੋਕ ਸੇਵਕਾਂ ਵਿਚਕਾਰ ਇੱਕ ਕੜੀ ਵਜੋਂ ਕੰਮ ਕਰਦਾ ਸੀ। ਚਾਰਜਸ਼ੀਟ ਮੁਤਾਬਕ 2013 ਤੋਂ 2025 ਦੇ ਅਰਸੇ ਦੌਰਾਨ ਕ੍ਰਿਸ਼ਨੂ ਸ਼ਾਰਦਾ ਅਤੇ ਉਸ ਦੀ ਪਤਨੀ ਦੇ ਅੱਠ ਬੈਂਕ ਤੇ ਡਾਕਖਾਨਾ ਖ਼ਾਤਿਆਂ ਵਿੱਚ ਕੁੱਲ 1,00,62,178 ਰੁਪਏ ਜਮ੍ਹਾਂ ਹੋਏ।
ਇਨ੍ਹਾਂ ਖ਼ਾਤਿਆਂ ਦੇ ਸਾਲ-ਦਰ-ਸਾਲ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 2023 ਤੋਂ ਪਹਿਲਾਂ ਇਨ੍ਹਾਂ ਖ਼ਾਤਿਆਂ ਵਿੱਚ ਸਿਰਫ਼ 14,30,130.35 ਰੁਪਏ ਹੀ ਜਮ੍ਹਾਂ ਹੋਏ ਸਨ, ਪਰ 2023 ਤੋਂ ਬਾਅਦ ਇਨ੍ਹਾਂ ਵਿੱਚ ਵੱਡਾ ਉਛਾਲ ਆਇਆ ਅਤੇ ਕੁੱਲ 86,32,048 ਰੁਪਏ ਜਮ੍ਹਾਂ ਕਰਵਾਏ ਗਏ। ਭਾਵੇਂ ਸ਼ਾਰਦਾ ਨੇ ਦਾਅਵਾ ਕੀਤਾ ਕਿ ਇਹ ਰਕਮ ਹਾਕੀ ਕੋਚਿੰਗ ਤੇ ਟੂਰਨਾਮੈਂਟਾਂ ਤੋਂ ਅਤੇ ਉਸ ਦੀ ਪਤਨੀ ਵੱਲੋਂ ਘਰ ਵਿੱਚ ਟਿਊਸ਼ਨ ਪੜ੍ਹਾਉਣ ਤੋਂ ਕਮਾਈ ਗਈ ਸੀ, ਪਰ ਉਹ ਇਸ ਸਬੰਧੀ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਉਨ੍ਹਾਂ ਦੀਆਂ ਆਮਦਨ ਕਰ ਰਿਟਰਨਾਂ (ਆਈ.ਟੀ.ਆਰ.) ਇਸ ਆਮਦਨ ਨਾਲ ਮੇਲ ਖਾਂਦੀਆਂ ਹਨ।
ਈ.ਡੀ. ਨੇ ਕਿਹਾ ਕਿ ਕਾਨੂੰਨੀ ਸਰੋਤਾਂ ਦੀ ਅਣਹੋਂਦ ਕਾਰਨ ਇਸ ਅਣਐਲਾਨੀ ਰਕਮ ਨੂੰ ਅਪਰਾਧ ਦੀ ਕਮਾਈ (Proceeds of Crime) ਮੰਨਿਆ ਗਿਆ ਹੈ, ਜਿਸ ਦੀ ਹੁਣ ਤੱਕ 1,12,32,048.03 ਰੁਪਏ ਵਜੋਂ ਪਛਾਣ ਕੀਤੀ ਗਈ ਹੈ। ਏਜੰਸੀ ਅਨੁਸਾਰ, ਸ਼ਾਰਦਾ ਦੇ ਬੈਂਕ ਆਫ਼ ਬੜੌਦਾ ਖ਼ਾਤੇ ਵਿੱਚ ਯੂ.ਪੀ.ਆਈ. (UPI) ਰਾਹੀਂ ਆਏ 17,38,845 ਰੁਪਏ ਸਮੇਤ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਤੇ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਅਜੇ ਜਾਰੀ ਹੈ।
ਜ਼ਿਕਰਯੋਗ ਹੈ ਕਿ 16 ਅਕਤੂਬਰ 2025 ਨੂੰ ਸੀ.ਬੀ.ਆਈ. ਨੇ ਸ਼ਿਕਾਇਤਕਰਤਾ ਆਕਾਸ਼ ਬੱਤਾ ਦੀ ਸ਼ਿਕਾਇਤ 'ਤੇ ਥਾਣਾ ਸਰਹਿੰਦ ਵਿੱਚ ਦਰਜ ਐੱਫ.ਆਈ.ਆਰ. 'ਚ ਮਦਦ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਤਤਕਾਲੀ ਡੀ.ਆਈ.ਜੀ. (ਰੋਪੜ ਰੇਂਜ) ਐੱਚ.ਐੱਸ. ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਮਗਰੋਂ ਈ.ਡੀ. ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਜਾਂਚ ਵਿੱਢੀ ਸੀ।


Click it and Unblock the Notifications
