ਭਾਰਤ ਪਹੁੰਚੇ ਨੇਪਾਲੀ PM ਬਾਲੇਨ ਸ਼ਾਹ, PM ਮੋਦੀ ਨੇ ਗਲ਼ ਲਾ ਕੇ ਕੀਤਾ ਨਿੱਘਾ ਸੁਆਗਤ, ਭਾਰਤ-ਨੇਪਾਲ ਸੰਬੰਧਾਂ ਨੂੰ ਲੈ ਕੇ ਹੋਈ ਗੱਲਬਾਤ
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਭਾਰਤ ਦੌਰੇ 'ਤੇ ਪਹੁੰਚੇ ਹਨ। ਰਾਸ਼ਟਰਪਤੀ ਭਵਨ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਸਵਾਗਤ ਕੀਤਾ। ਇਸ ਮੌਕੇ ਰੈੱਡ ਕਾਰਪੇਟ ਵਿਛਾਇਆ ਗਿਆ ਅਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਕਰੀਬ 100 ਮਿੰਟ ਤੱਕ ਦੁਵੱਲੀ ਬੈਠਕ ਹੋਈ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਨੇਪਾਲ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਬੈਠਕ ਦੌਰਾਨ ਭਾਰਤ ਅਤੇ ਨੇਪਾਲ ਵਿਚਾਲੇ ਆਰਥਿਕ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿੰਨ ਅਹਿਮ ਫ਼ੈਸਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਨੇਪਾਲ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣਾ, ਵਪਾਰ ਲਈ ਭਾਰਤ ਦੀਆਂ ਦੋ ਬੰਦਰਗਾਹਾਂ ਤੱਕ ਪਹੁੰਚ ਮੁਹੱਈਆ ਕਰਵਾਉਣਾ ਅਤੇ ਅਯੁੱਧਿਆ-ਜਨਕਪੁਰ ਵਿਚਾਲੇ ਰੇਲ ਸੇਵਾ ਸ਼ੁਰੂ ਕਰਨਾ ਸ਼ਾਮਲ ਹੈ।

ਨੇਪਾਲ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਵੇਗਾ ਭਾਰਤ
ਭਾਰਤ ਵੱਲੋਂ ਨੇਪਾਲ ਨੂੰ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਵੇਗਾ। ਇਸ ਨੂੰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਭ ਤੋਂ ਵੱਡਾ ਨਤੀਜਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਪੈਕੇਜ ਤਹਿਤ ਨੇਪਾਲ ਨੂੰ ਕਿੰਨੀ ਰਕਮ ਦਿੱਤੀ ਜਾਵੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਾਂਡਲਾ ਅਤੇ ਪਾਰਾਦੀਪ ਬੰਦਰਗਾਹਾਂ ਤੱਕ ਮਿਲੇਗੀ ਪਹੁੰਚ
ਭਾਰਤ ਵੱਲੋਂ ਨੇਪਾਲ ਨੂੰ ਗੁਜਰਾਤ ਦੀ ਕਾਂਡਲਾ ਅਤੇ ਓਡੀਸ਼ਾ ਦੀ ਪਾਰਾਦੀਪ ਬੰਦਰਗਾਹ ਦੀ ਵਰਤੋਂ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਇਸ ਨਾਲ ਨੇਪਾਲ ਨੂੰ ਦੂਜੇ ਦੇਸ਼ਾਂ ਤੋਂ ਸਾਮਾਨ ਮੰਗਵਾਉਣ ਅਤੇ ਆਪਣਾ ਸਾਮਾਨ ਬਾਹਰ ਭੇਜਣ ਵਿੱਚ ਆਸਾਨੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਨੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਤੱਕ ਪਹੁੰਚ ਦੇਣ ਦੀ ਮੰਗ ਕੀਤੀ ਸੀ, ਪਰ ਭਾਰਤ ਵੱਲੋਂ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।
ਅਯੁੱਧਿਆ-ਜਨਕਪੁਰ ਵਿਚਾਲੇ ਸ਼ੁਰੂ ਹੋਵੇਗੀ ਰੇਲ ਸੇਵਾ
ਭਾਰਤ ਅਤੇ ਨੇਪਾਲ ਵਿਚਾਲੇ ਅਯੁੱਧਿਆ ਅਤੇ ਜਨਕਪੁਰਧਾਮ ਨੂੰ ਜੋੜਨ ਵਾਲੀ ਨਵੀਂ ਰੇਲ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਰੇਲਗੱਡੀ ਦਾ ਨਾਮ 'ਸਰਯੂ-ਕਮਲਾ ਐਕਸਪ੍ਰੈੱਸ' ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਲੇਨ ਸ਼ਾਹ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਭਗਵਾਨ ਸ੍ਰੀ ਰਾਮ ਦੀ ਜਨਮਭੂਮੀ ਅਯੁੱਧਿਆ ਅਤੇ ਮਾਤਾ ਸੀਤਾ ਦੀ ਜਨਮਭੂਮੀ ਜਨਕਪੁਰਧਾਮ ਵਿਚਾਲੇ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਸਹੂਲਤ ਮਿਲੇਗੀ।


Click it and Unblock the Notifications
