2027 ਚੋਣਾਂ ਤੋਂ ਪਹਿਲਾਂ ਸੂਬੇ 'ਚ ਨਵਾਂ ਸਿਆਸੀ ਸਮੀਕਰਨ! ਅੰਮ੍ਰਿਤਪਾਲ ਸਿੰਘ ਨਾਲ ਆਉਣਗੇ ਗਿ. ਹਰਪ੍ਰੀਤ ਸਿੰਘ; BSP ਵੀ ਰਲੇਗੀ ਨਾਲ
ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਵੱਧ ਗਈਆਂ ਹਨ। BJP ਅਤੇ ਅਕਾਲੀਆਂ ਦੇ ਗਠਜੋੜ ਦੇ ਨਾਲ ਇੱਕ ਹੋਰ ਨਵੇਂ ਗੱਠਜੋੜ ਦੀਆਂ ਚਰਚਾਵਾਂ ਹੁਣ ਤੇਜ਼ ਹਨ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਵਾਰਿਸ ਪੰਜਾਬ ਦੇ' ਦਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਚੋਣ ਗੱਠਜੋੜ ਲਗਪਗ ਤੈਅ ਹੋ ਗਿਆ ਹੈ।
ਜਾਣਕਾਰੀ ਇਹ ਵੀ ਹੈ ਕਿ ਇਸ ਗਠਜੋੜ ਦਾ ਬੱਸ ਰਸਮੀ ਐਲਾਨ ਹੁਣ ਬਾਕੀ ਹੈ ਜੋ ਕਿ ਫਿਲੌਰ ਵਿਚ 26 ਨਵੰਬਰ ਨੂੰ ਹੋਣ ਵਾਲੀ ਬਸਪਾ ਦੀ ਰੈਲੀ ਵਿੱਚ ਕੀਤਾ ਜਾ ਸਕਦਾ ਹੈ। ਇਨ੍ਹਾਂ ਪਾਰਟੀਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਬਾਰੇ ਸਹਿਮਤੀ ਬਣ ਗਈ ਹੈ ਅਤੇ ਗੱਠਜੋੜ ਸਬੰਧੀ ਗੱਲਬਾਤ ਵੀ ਮੁਕੰਮਲ ਹੋ ਚੁੱਕੀ ਹੈ। ਇਸ ਸਬੰਧੀ ਫਰੀਦਕੋਟ ਵਿੱਚ ਵਾਰਿਸ ਪੰਜਾਬ ਦੇ ਆਗੂਆਂ ਦੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਨਾਲ ਮੀਟਿੰਗ ਵੀ ਹੋਈ।

ਮੀਟਿੰਗ ਵਿੱਚ ਆਗਾਮੀ ਚੋਣਾਂ ਵਿੱਚ ਇਕੱਠਿਆਂ ਉਤਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੀਤੇ ਦਿਨ MP ਅਮ੍ਰਿਤਪਾਲ ਸਿੰਘ ਆਪਣੇ ਦਾਦੀ ਦੇ ਸਸਕਾਰ 'ਤੇ ਪੰਜਾਬ ਆਏ ਸਨ ਅਤੇ ਉਨ੍ਹਾਂ ਦੇ ਆਉਣ 'ਤੇ ਹਜਾਰਾਂ ਦਾ ਇਕੱਠ ਆਪਣੇ ਆਪ ਦੇ ਵਿੱਚ ਇਸ਼ਾਰਾ ਕਰਦਾ ਰਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਅਮ੍ਰਿਤਪਾਲ ਸਿੰਘ ਦੀ ਪਾਰਟੀ ਵੱਲ ਝੁਕਾਅ ਅਤੇ ਪਿਆਰ ਘੱਟ ਨਹੀਂ ਹੋਇਆ ਹੈ। ਕਿਉਂਕਿ ਸੂਬੇ ਦੇ ਸਿਆਸੀ ਸਮੀਕਰਨ ਹੁਣ ਬਦਲ ਰਹੇ ਹਨ, ਇਸ ਕਰਕੇ 'ਵਾਰਿਸ ਪੰਜਾਬ ਦੇ' ਪਾਰਟੀ ਵੀ ਪੰਜਾਬ 'ਚ ਆਪਣਾ ਅਧਾਰ ਮਜ਼ਬੂਤ ਕਰਨਾ ਚਾਹੰਦੀ ਹੈ ਸ਼ਾਇਦ ਇਸੀ ਕਰਕੇ ਪਾਰਟੀ ਨੇ ਦੂਜੀ ਪਾਰਟੀਆਂ ਨਾਲ ਗਠਜੋੜ ਦਾ ਰਾਹ ਖੁੱਲ੍ਹਾ ਰੱਖਿਆ ਹੋਇਆ ਹੈ।
ਗਠਜੋੜ ਨਾਲ ਬਣਨਗੇ ਨਵੇਂ ਸਿਆਸੀ ਸਮੀਕਰਨ
''ਵਾਰਿਸ ਪੰਜਾਬ ਦੇ'' ਨਾਲ ਗਰਮਖਿਆਲੀ ਸੋਚ ਰੱਖਣ ਵਾਲਾ ਵਰਗ ਤੇਜ਼ੀ ਨਾਲ ਜੁੜ ਰਿਹਾ ਹੈ। ਇਸ ਤੋਂ ਇਲਾਵਾ ਬਸਪਾ ਦਾ ਪੰਜਾਬ ਵਿੱਚ ਦਲਿਤ ਭਾਈਚਾਰੇ ਵਿੱਚ ਆਧਾਰ ਹੈ, ਜਦੋਂਕਿ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਅਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਕਰ ਰਿਹਾ ਹੈ। ਦੋਵਾਂ ਪਾਰਟੀਆਂ ਦੇ ਇਕੱਠੇ ਆਉਣ ਨਾਲ ਆਗਾਮੀ ਚੋਣਾਂ ਵਿੱਚ ਨਵੇਂ ਸਿਆਸੀ ਸਮੀਕਰਨ ਬਣ ਸਕਦੇ ਹਨ।


Click it and Unblock the Notifications
