ਕੈਨੇਡਾ 'ਚ ਵਰਕ ਪਰਮਿਟ ਵਾਲਿਆਂ ਲਈ ਵੱਡੀ ਖ਼ਬਰ, ਬਿਨਾਂ ਸਟੱਡੀ ਪਰਮਿਟ ਕਰ ਸਕਣਗੇ ਪੜ੍ਹਾਈ!
ਕੈਨੇਡਾ ਵਿੱਚ ਵਰਕ ਪਰਮਿਟ 'ਤੇ ਕੰਮ ਕਰ ਰਹੇ ਵਿਦੇਸ਼ੀ ਨੌਜਵਾਨਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਸਤੰਬਰ 2026 'ਚ ਇੱਕ ਨਵੀਂ ਅਸਥਾਈ ਨੀਤੀ ਦਾ ਐਲਾਨ ਕੀਤਾ ਹੈ। ਇਸ ਨੀਤੀ ਤਹਿਤ ਯੋਗ ਵਰਕ ਪਰਮਿਟ ਧਾਰਕ 6 ਮਹੀਨੇ ਤੱਕ ਜਾਂ ਆਪਣੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਤੱਕ, ਬਿਨਾਂ ਸਟੱਡੀ ਪਰਮਿਟ ਦੇ ਪੜ੍ਹਾਈ ਜਾਂ ਟ੍ਰੇਨਿੰਗ ਕਰ ਸਕਣਗੇ।
ਇਸ ਫ਼ੈਸਲੇ ਨਾਲ ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਟੈਂਪਰੇਰੀ ਵਰਕਰਾਂ ਨੂੰ ਆਪਣੀਆਂ ਸਕਿੱਲਾਂ ਵਧਾਉਣ, ਲਾਇਸੈਂਸਿੰਗ ਅਤੇ ਜ਼ਰੂਰੀ ਟ੍ਰੇਨਿੰਗ ਹਾਸਲ ਕਰਨ ਵਿੱਚ ਮਦਦ ਮਿਲੇਗੀ। ਇਸ ਦਾ ਫਾਇਦਾ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਹੋ ਸਕਦਾ ਹੈ ਜੋ ਹੈਲਥਕੇਅਰ, ਹੋਮ ਬਿਲਡਿੰਗ, ਟਰੇਡਜ਼ ਅਤੇ ਹੋਰ ਲੇਬਰ ਦੀ ਲੋੜ ਵਾਲੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ।ਨਵੀਂ ਨੀਤੀ ਦਾ ਲਾਭ ਸਿਰਫ਼ 6 ਮਹੀਨੇ ਜਾਂ ਇਸ ਤੋਂ ਘੱਟ ਸਮੇਂ ਵਾਲੇ ਯੋਗ ਕੋਰਸ, ਟ੍ਰੇਨਿੰਗ ਅਤੇ ਲਾਇਸੈਂਸਿੰਗ ਪ੍ਰੋਗਰਾਮਾਂ ਲਈ ਮਿਲੇਗਾ।

ਫੁੱਲ-ਟਾਈਮ ਜਾਂ 6 ਮਹੀਨੇ ਤੋਂ ਲੰਬੀ ਪੜ੍ਹਾਈ ਲਈ ਸਟੱਡੀ ਪਰਮਿਟ ਦੀ ਲੋੜ ਪਹਿਲਾਂ ਵਾਂਗ ਰਹੇਗੀ। ਇਸ ਨਾਲ ਵਰਕ ਪਰਮਿਟ ਵਾਲਿਆਂ ਨੂੰ ਛੋਟੇ ਕੋਰਸ ਕਰਨ ਲਈ ਵੱਖਰੇ ਸਟੱਡੀ ਪਰਮਿਟ ਦੀ ਪ੍ਰਕਿਰਿਆ ਵਿੱਚੋਂ ਲੰਘਣ ਦੀ ਲੋੜ ਨਹੀਂ ਪਵੇਗੀ। ਨਵੀਂ ਵਿਵਸਥਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਵਰਕਰ ਆਪਣੀ ਮੌਜੂਦਾ ਨੌਕਰੀ ਜਾਰੀ ਰੱਖਦੇ ਹੋਏ ਛੋਟੀ ਮਿਆਦ ਦੀ ਪੜ੍ਹਾਈ ਜਾਂ ਟ੍ਰੇਨਿੰਗ ਕਰ ਸਕਣਗੇ। ਇਸ ਨਾਲ ਉਨ੍ਹਾਂ ਦੀ ਆਮਦਨ ਵੀ ਜਾਰੀ ਰਹੇਗੀ ਅਤੇ ਨਵੀਂ ਸਕਿੱਲ ਹਾਸਲ ਕਰਨ ਲਈ ਨੌਕਰੀ ਛੱਡਣ ਦੀ ਲੋੜ ਨਹੀਂ ਪਵੇਗੀ।
IRCC ਨੇ ਖ਼ਾਸ ਤੌਰ 'ਤੇ ਟਰੇਡਸਪਰਸਨ, ਨਰਸਾਂ ਅਤੇ ਲੈਬ ਟੈਕਨੀਸ਼ੀਅਨਾਂ ਵਰਗੇ ਖੇਤਰਾਂ ਦਾ ਜ਼ਿਕਰ ਕੀਤਾ ਹੈ। ਅਜਿਹੇ ਵਰਕਰ ਆਪਣੀ ਯੋਗਤਾ ਅਤੇ ਸਕਿੱਲ ਅਪਗ੍ਰੇਡ ਕਰਕੇ ਕੈਨੇਡਾ ਦੇ ਲੇਬਰ ਮਾਰਕੀਟ ਵਿੱਚ ਹੋਰ ਵਧੀਆ ਯੋਗਦਾਨ ਪਾ ਸਕਦੇ ਹਨ।
ਇਹ ਨੀਤੀ ਸਿੱਧੇ ਤੌਰ 'ਤੇ PR ਨਹੀਂ ਦਿੰਦੀ, ਪਰ ਇਸ ਨਾਲ ਵਰਕਰਾਂ ਨੂੰ ਆਪਣੀ ਸਿੱਖਿਆ, ਸਕਿੱਲ ਅਤੇ ਯੋਗਤਾ ਵਧਾਉਣ ਦਾ ਮੌਕਾ ਮਿਲੇਗਾ। ਇਸ ਕਾਰਨ ਭਵਿੱਖ ਵਿੱਚ ਆਰਥਿਕ ਇਮੀਗ੍ਰੇਸ਼ਨ ਜਾਂ PR ਲਈ ਉਨ੍ਹਾਂ ਦੀ ਪ੍ਰੋਫਾਈਲ ਮਜ਼ਬੂਤ ਹੋ ਸਕਦੀ ਹੈ। ਕੈਨੇਡਾ ਵਿੱਚ ਕੰਮ ਕਰ ਰਹੇ ਭਾਰਤੀ ਅਤੇ ਪੰਜਾਬੀ ਨੌਜਵਾਨਾਂ ਲਈ ਇਹ ਬਦਲਾਅ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਨੌਕਰੀ ਦੇ ਨਾਲ-ਨਾਲ ਛੋਟੀ ਮਿਆਦ ਦੀ ਲੋੜੀਂਦੀ ਟ੍ਰੇਨਿੰਗ ਜਾਂ ਲਾਇਸੈਂਸਿੰਗ ਪੂਰੀ ਕਰ ਸਕਣਗੇ।


Click it and Unblock the Notifications
