ਦਿੱਲੀ ਇਮਾਰਤ ਹਾਦਸੇ ’ਚ Blinkit ਦੀ ਐਂਬੂਲੈਂਸ ਨੇ ਖਿੱਚਿਆ ਧਿਆਨ, ਐਮਰਜੈਂਸੀ ਸੇਵਾ ’ਤੇ ਸਵਾਲ
ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ PG ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਹਾਦਸੇ ਨੇ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦੱਸ ਦਈਏ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚਣ ਵਾਲੀਆਂ ਐਂਬੂਲੈਂਸਾਂ ਵਿੱਚ ਸਬ ਤੋਂ ਪਹਿਲਾਂ Blinkit ਦੀ ਐਂਬੂਲੈਂਸ ਪਹੁੰਚੀ ਸੀ। ਮੌਕੇ 'ਤੇ ਮੌਜੂਦ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਮੁਤਾਬਕ Blinkit ਦੀ ਐਪ ਰਾਹੀਂ ਐਂਬੂਲੈਂਸ ਬੁੱਕ ਕੀਤੀ ਗਈ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ, ਫਾਇਰ ਸਰਵਿਸ, CATS ਐਂਬੂਲੈਂਸਾਂ ਅਤੇ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਪਹੁੰਚੀਆਂ।

Blinkit ਦੀ ਐਂਬੂਲੈਂਸ ਵਿੱਚ ਕੀ ਸਹੂਲਤਾਂ?
Blinkit ਇਸ ਸਮੇਂ ਦਿੱਲੀ-NCR ਅਤੇ ਗੁਰੂਗ੍ਰਾਮ ਦੇ ਕੁਝ ਇਲਾਕਿਆਂ ਵਿੱਚ ਐਂਬੂਲੈਂਸ ਸੇਵਾ ਦੇ ਰਹੀ ਹੈ। ਕੰਪਨੀ ਮੁਤਾਬਕ ਉਸ ਕੋਲ 63 ਐਂਬੂਲੈਂਸਾਂ ਹਨ ਅਤੇ ਇਨ੍ਹਾਂ ਦਾ ਔਸਤ ਰਿਸਪਾਂਸ ਟਾਈਮ ਲਗਭਗ 9 ਮਿੰਟ ਹੈ। ਇਨ੍ਹਾਂ ਐਂਬੂਲੈਂਸਾਂ ਵਿੱਚ ਆਕਸੀਜਨ, AED, ਮਰੀਜ਼ ਦੀ ਨਿਗਰਾਨੀ ਲਈ ਮੈਡੀਕਲ ਉਪਕਰਨ, ਸਟ੍ਰੈਚਰ, ਵ੍ਹੀਲਚੇਅਰ ਅਤੇ ਜ਼ਰੂਰੀ ਦਵਾਈਆਂ ਉਪਲਬਧ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮਰੀਜ਼ ਐਪ ਰਾਹੀਂ ਆਪਣੇ ਪਿਕਅੱਪ ਸਥਾਨ ਤੋਂ 30 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹਸਪਤਾਲ ਵੀ ਚੁਣ ਸਕਦਾ ਹੈ।
ਸਤਿਆ ਨਿਕੇਤਨ ਹਾਦਸੇ ਨੇ ਖੜ੍ਹੇ ਕੀਤੇ ਵੱਡੇ ਸਵਾਲ
ਸਤਿਆ ਨਿਕੇਤਨ ਵਿੱਚ ਇਮਾਰਤ ਡਿੱਗਣ ਦੀ ਘਟਨਾ ਸਭ ਤੋਂ ਪਹਿਲਾਂ ਇਮਾਰਤੀ ਸੁਰੱਖਿਆ ਨਾਲ ਜੁੜੀ ਇੱਕ ਵੱਡੀ ਤ੍ਰਾਸਦੀ ਹੈ। ਇਸ ਦੇ ਨਾਲ ਹੀ ਬਚਾਅ ਮੁਹਿੰਮ ਨੇ ਦੇਸ਼ ਦੀ ਐਮਰਜੈਂਸੀ ਸਿਹਤ ਪ੍ਰਣਾਲੀ ਦੀ ਇੱਕ ਹੋਰ ਹਕੀਕਤ ਵੀ ਸਾਹਮਣੇ ਲਿਆਂਦੀ ਹੈ। ਦੱਸ ਦਈਏ ਕਿ ਭਾਰਤ ਵਿੱਚ ਸਰਕਾਰ ਵੱਲੋਂ 108 ਅਤੇ 102 ਹੈਲਪਲਾਈਨ ਰਾਹੀਂ ਵੱਡਾ ਐਂਬੂਲੈਂਸ ਨੈੱਟਵਰਕ ਚਲਾਇਆ ਜਾ ਰਿਹਾ ਹੈ। ਜੂਨ 2025 ਤੱਕ ਦੇਸ਼ ਦੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 28,321 ਐਂਬੂਲੈਂਸਾਂ ਅਤੇ ਮਰੀਜ਼ਾਂ ਨੂੰ ਲਿਜਾਣ ਵਾਲੇ ਵਾਹਨ ਉਪਲਬਧ ਸਨ।ਪਰ ਸਿਰਫ਼ ਐਂਬੂਲੈਂਸਾਂ ਦੀ ਗਿਣਤੀ ਵੱਧ ਹੋਣ ਨਾਲ ਐਮਰਜੈਂਸੀ ਸੇਵਾ ਪ੍ਰਭਾਵਸ਼ਾਲੀ ਨਹੀਂ ਬਣ ਜਾਂਦੀ। ਸਰਕਾਰੀ ਰਿਪੋਰਟਾਂ ਵਿੱਚ ਕਈ ਥਾਵਾਂ 'ਤੇ ਪੁਰਾਣੀਆਂ ਅਤੇ ਖ਼ਰਾਬ ਐਂਬੂਲੈਂਸਾਂ ਦਾ ਮੁੱਦਾ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਸਿਖਲਾਈ ਪ੍ਰਾਪਤ Emergency Medical Technicians (EMTs) ਦੀ ਵੀ ਕਮੀ ਦੱਸੀ ਗਈ ਹੈ। ਕਈ ਮਾਮਲਿਆਂ ਵਿੱਚ ਐਂਬੂਲੈਂਸ ਵਿੱਚ ਮਰੀਜ਼ ਦੇ ਨਾਲ ਲੋੜੀਂਦਾ ਮੈਡੀਕਲ ਸਟਾਫ਼ ਨਾ ਹੋਣ ਕਾਰਨ ਮਰੀਜ਼ ਨੂੰ ਸਿਰਫ਼ ਹਸਪਤਾਲ ਤੱਕ ਪਹੁੰਚਾਉਣ ਦਾ ਕੰਮ ਹੀ ਹੋ ਪਾਉਂਦਾ ਹੈ।
ਸਿਸਟਮ ਵਿੱਚ ਸਿਰਫ਼ ਐਂਬੂਲੈਂਸ ਦਾ ਮੌਜੂਦ ਹੋਣਾ ਕਾਫ਼ੀ ਨਹੀਂ ਹੈ। ਉਸ ਦਾ ਉਪਲਬਧ ਹੋਣਾ, ਮਰੀਜ਼ ਤੱਕ ਜਲਦੀ ਪਹੁੰਚਣਾ ਅਤੇ ਮੌਕੇ 'ਤੇ ਲੋੜੀਂਦੀ ਡਾਕਟਰੀ ਸਹਾਇਤਾ ਦੇਣ ਦੇ ਯੋਗ ਹੋਣਾ ਵੀ ਜ਼ਰੂਰੀ ਹੈ। ਸਤਿਆ ਨਿਕੇਤਨ ਵਿੱਚ ਐਂਬੂਲੈਂਸਾਂ ਦੇ ਰਿਸਪਾਂਸ ਨੇ ਇਹ ਵੱਡਾ ਸਵਾਲ ਖੜ੍ਹਾ ਕੀਤਾ ਹੈ ਕਿ ਵਾਹਨ ਕੌਣ ਚਲਾ ਰਿਹਾ ਹੈ, ਇਸ ਨਾਲੋਂ ਵੱਧ ਅਹਿਮ ਇਹ ਹੈ ਕਿ ਜਦੋਂ ਹਰ ਮਿੰਟ ਕੀਮਤੀ ਹੋਵੇ ਤਾਂ ਕੀ ਸਾਡੀ ਐਮਰਜੈਂਸੀ ਪ੍ਰਣਾਲੀ ਉਸ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ?


Click it and Unblock the Notifications
