‘ਇੰਸ਼ਾਅੱਲਾਹ’ ਕਹਿਣਾ ਪਿਆ ਭਾਰੀ? IPS ਬੁਸ਼ਰਾ ਬਾਨੋ ਦੇ ਤਬਾਦਲੇ 'ਤੇ ਸਿਆਸੀ ਹੰਗਾਮਾ
ਪੱਛਮੀ ਬੰਗਾਲ ਦੀ IPS ਅਧਿਕਾਰੀ ਡਾ. ਬੁਸ਼ਰਾ ਬਾਨੋ ਦੇ ਤਬਾਦਲੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਬੁਸ਼ਰਾ ਬਾਨੋ ਖੜਗਪੁਰ ਵਿੱਚ ਐਡੀਸ਼ਨਲ SP ਵਜੋਂ ਤਾਇਨਾਤ ਸਨ। 14 ਸਤੰਬਰ ਨੂੰ ਉਨ੍ਹਾਂ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਸਟੇਟ ਆਰਮਡ ਪੁਲਿਸ ਦੀ ਚੌਥੀ ਬਟਾਲੀਅਨ ਵਿੱਚ ਡਿਪਟੀ ਕਮਾਂਡੈਂਟ ਨਿਯੁਕਤ ਕੀਤਾ ਗਿਆ।
ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਬੁਸ਼ਰਾ ਬਾਨੋ ਨੇ 13 ਸਤੰਬਰ ਨੂੰ UPSC ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਹੌਸਲਾ ਦੇਣ ਲਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਵੀਡੀਓ ਵਿੱਚ ਉਨ੍ਹਾਂ ਨੇ 'ਅਸਸਲਾਮੁ ਅਲੈਕੁਮ', 'ਇੰਸ਼ਾਅੱਲਾਹ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ। ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ।

ਹਾਲਾਂਕਿ ਸਰਕਾਰੀ ਹੁਕਮ ਵਿੱਚ ਇਸ ਨੂੰ ਪ੍ਰਸ਼ਾਸਨਿਕ ਤਬਾਦਲਾ ਦੱਸਿਆ ਗਿਆ ਹੈ ਅਤੇ ਸਰਕਾਰ ਨੇ ਸਿੱਧੇ ਤੌਰ 'ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਵੀਡੀਓ ਨੂੰ ਤਬਾਦਲੇ ਦਾ ਕਾਰਨ ਨਹੀਂ ਦੱਸਿਆ। ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਮੁਹੰਮਦ ਅਜ਼ਹਰੂਦੀਨ ਨੇ ਬੁਸ਼ਰਾ ਬਾਨੋ ਦੇ ਤਬਾਦਲੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇੱਕ ਲੋਕ ਸੇਵਕ ਨੂੰ ਸਿਰਫ਼ ਅਜਿਹੇ ਅਭਿਵਾਦਨ ਦੀ ਵਰਤੋਂ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਹ ਸੋਚਣ ਦੀ ਲੋੜ ਹੈ ਕਿ ਇਸ ਦਾ ਘੱਟ ਗਿਣਤੀਆਂ ਨੂੰ ਕੀ ਸੰਦੇਸ਼ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ 'ਹਿੰਦੂ ਲੀਗਲ ਫੰਡ' ਨਾਮਕ ਸੰਗਠਨ ਅਤੇ ਕੁਝ ਦੱਖਣਪੰਥੀ ਸਮੂਹਾਂ ਨੇ ਇਸ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਦਾ ਤਰਕ ਸੀ ਕਿ ਵਰਦੀ ਵਿੱਚ ਇੱਕ ਸਰਕਾਰੀ ਅਧਿਕਾਰੀ ਨੂੰ ਜਨਤਕ ਮੰਚ 'ਤੇ 'ਜੈ ਹਿੰਦ' ਜਾਂ 'ਵੰਦੇ ਮਾਤਰਮ' ਵਰਗੇ ਰਾਸ਼ਟਰੀ ਅਭਿਵਾਦਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਟਸਥ ਰਹਿਣਾ ਚਾਹੀਦਾ ਹੈ। ਸੰਗਠਨ ਨੇ ਇਸ ਸਬੰਧੀ ਪੱਛਮੀ ਬੰਗਾਲ ਦੇ ਗ੍ਰਹਿ ਸਕੱਤਰ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ।
ਕਾਂਗਰਸ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਅਤੇ TMC ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਇਸ ਮਾਮਲੇ 'ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਵੀਡੀਓ ਹੁਣ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਪਲਬਧ ਨਹੀਂ ਹੈ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਜਾਰੀ ਹੈ।


Click it and Unblock the Notifications
