ਐਮੀ ਵਿਰਕ ਦੀ ਗੱਡੀ ’ਤੇ FIRING! ਕੈਨੇਡਾ ’ਚ ਚੱਲੀਆਂ 7 ਗੋਲੀਆਂ?
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਕਾਫ਼ਲੇ 'ਚ ਸ਼ਾਮਿਲ ਗੱਡੀ 'ਤੇ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ ਸ਼ਹਿਰ ਵਿੱਚ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ। ਐਬਟਸਫੋਰਡ ਪੁਲਿਸ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸ਼ਨੀਵਾਰ ਦੇਰ ਰਾਤ ਐਮੀ ਵਿਰਕ ਦਾ Rogers Forum ਵਿਖੇ ਪ੍ਰੋਗਰਾਮ ਸੀ ਜਿਸ ਤੋਂ ਕੁਝ ਸਮੇਂ ਬਾਅਦ ਹੀ ਇਹ ਘਟਨਾ ਵਾਪਰੀ। ਸਥਾਨਕ ਇੰਡੋ-ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਦਾ ਨਿਸ਼ਾਨਾ ਬਣੀ ਗੱਡੀ ਐਮੀ ਵਿਰਕ ਦੇ ਕੰਸਰਟ ਨਾਲ ਜੁੜੇ ਕਾਫਲੇ ਦਾ ਹਿੱਸਾ ਸੀ। ਪੁਲਿਸ ਨੇ 7 ਰਾਊਂਡ ਫ਼ਾਇਰ ਹੋਣ ਦੀ ਪੁਸ਼ਟੀ ਵੀ ਕੀਤੀ ਹੈ. ਕੁਝ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਗੱਡੀ ਬੁਲੇਟਪ੍ਰੂਫ ਸੀ ਅਤੇ ਐਮੀ ਵਿਰਕ ਤੇ ਪ੍ਰੋਗਰਾਮ ਦੇ ਪ੍ਰਮੋਟਰ ਇਸ ਗੱਡੀ ਵਿੱਚ ਸਵਾਰ ਸਨ। ਹਾਲਾਂਕਿ, ਐਬਟਸਫੋਰਡ ਪੁਲਿਸ ਨੇ ਗੱਡੀ ਵਿੱਚ ਸਵਾਰ ਵਿਅਕਤੀਆਂ ਜਾਂ ਐਮੀ ਵਿਰਕ ਦੀ ਮੌਜੂਦਗੀ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਨਿੱਜਤਾ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ ਹੈ। ਦੱਸ ਦਈਏ ਕਿ ਐਮੀ ਵਿਰਕ ਇਸ ਸਮੇਂ ਆਪਣੀ 2026 Unity Tour ਤਹਿਤ ਕੈਨੇਡਾ ਵਿੱਚ ਪ੍ਰੋਗਰਾਮ ਕਰ ਰਹੇ ਹਨ। ਇਸ ਤੋਂ ਕੁਝ ਦਿਨ ਪਹਿਲਾਂ ਟੋਰਾਂਟੋ ਵਿੱਚ ਹੋਏ ਉਨ੍ਹਾਂ ਦੇ ਕੰਸਰਟ ਦੌਰਾਨ ਵੀ ਦਰਸ਼ਕਾਂ ਵਿਚਾਲੇ ਹੰਗਾਮੇ ਦੀ ਘਟਨਾ ਸਾਹਮਣੇ ਆਈ ਸੀ।

ਘਟਨਾ ਵਾਰੇ ਕੀ ਕਹਿ ਰਹੀ ਹੈ ਪੁਲਿਸ ---
ਪੁਲਿਸ ਮੁਤਾਬਕ ਰਾਤ ਕਰੀਬ 11 ਵਜੇ McCallum Road ਦੇ 2500-ਬਲਾਕ ਵਿੱਚ ਇੱਕ ਗੂੜ੍ਹੇ ਰੰਗ ਦੀ SUV ਵਿੱਚ ਸਵਾਰ ਵਿਅਕਤੀਆਂ ਨੇ ਇੱਕ ਕਾਰ 'ਤੇ ਗੋਲੀਆਂ ਚਲਾਈਆਂ। ਇਸ ਤੋਂ ਬਾਅਦ Sunnyside Place ਦੇ 2400-ਬਲਾਕ ਵਿੱਚ ਇੱਕ SUV ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਮੌਕੇ 'ਤੇ ਪਹੁੰਚੀ ਤਾਂ ਵਾਹਨ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸੀ। ਦੋਵੇਂ ਘਟਨਾਵਾਂ ਵਿਚਾਲੇ ਕੋਈ ਸਬੰਧ ਹੈ ਜਾਂ ਨਹੀਂ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕਿਸੇ ਕੋਲ McCallum Road ਇਲਾਕੇ ਵਿੱਚ ਰਾਤ 10:45 ਤੋਂ 11:30 ਵਜੇ ਤੱਕ ਜਾਂ Sunnyside Place ਇਲਾਕੇ ਵਿੱਚ ਰਾਤ 11 ਵਜੇ ਤੋਂ ਅੱਧੀ ਰਾਤ ਤੱਕ ਦੀ ਡੈਸ਼ਕੈਮ ਫੁਟੇਜ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ।


Click it and Unblock the Notifications
