10 ਵਿਕਟਾਂ ਲੈ ਕੇ ਛਾਏ ਕੁਲਦੀਪ ਯਾਦਵ, ਟੈਸਟ ਟੀਮ 'ਚ ਵਾਪਸੀ ਦਾ ਦਾਅਵਾ ਮਜ਼ਬੂਤ
ਭਾਰਤੀ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਨੇ ਇੰਗਲੈਂਡ ਦੀ ਕਾਊਂਟੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਲੀਡਜ਼ ਦੇ ਹੇਡਿੰਗਲੇ ਮੈਦਾਨ ਵਿੱਚ ਐਸੈਕਸ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਕੁਲਦੀਪ ਨੇ ਕੁੱਲ 10 ਵਿਕਟਾਂ ਹਾਸਲ ਕੀਤੀਆਂ। ਫਰਸਟ ਕਲਾਸ ਕ੍ਰਿਕਟ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੁਲਦੀਪ ਨੇ ਇੱਕ ਮੈਚ ਵਿੱਚ 10 ਵਿਕਟਾਂ ਲਈਆਂ ਹਨ।
ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯਾਰਕਸ਼ਾਇਰ ਨੇ ਐਸੈਕਸ ਨੂੰ ਪਾਰੀ ਅਤੇ 106 ਦੌੜਾਂ ਨਾਲ ਹਰਾ ਦਿੱਤਾ। ਯਾਰਕਸ਼ਾਇਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 390 ਦੌੜਾਂ ਬਣਾਈਆਂ। ਕੁਲਦੀਪ ਨੇ ਬੱਲੇ ਨਾਲ ਵੀ ਯੋਗਦਾਨ ਪਾਇਆ ਅਤੇ 94 ਗੇਂਦਾਂ 'ਤੇ 36 ਦੌੜਾਂ ਬਣਾਈਆਂ। ਇਸ ਤੋਂ ਬਾਅਦ ਐਸੈਕਸ ਦੀ ਪਹਿਲੀ ਪਾਰੀ ਸਿਰਫ਼ 171 ਦੌੜਾਂ 'ਤੇ ਸਿਮਟ ਗਈ। ਕੁਲਦੀਪ ਨੇ 23 ਓਵਰਾਂ ਵਿੱਚ 70 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਫਾਲੋਆਨ ਖੇਡਣ ਉਤਰੀ ਐਸੈਕਸ ਦੀ ਦੂਜੀ ਪਾਰੀ ਵਿੱਚ ਵੀ ਕੁਲਦੀਪ ਦਾ ਜਲਵਾ ਜਾਰੀ ਰਿਹਾ। ਉਨ੍ਹਾਂ ਨੇ 16 ਓਵਰਾਂ ਵਿੱਚ 50 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਐਸੈਕਸ ਦੀ ਪੂਰੀ ਟੀਮ 40 ਓਵਰਾਂ ਵਿੱਚ 113 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਤੋਂ ਪਹਿਲਾਂ ਕੁਲਦੀਪ ਨੇ ਹੇਡਿੰਗਲੇ ਦੀ ਪਿੱਚ ਨੂੰ ਆਪਣੀ ਗੇਂਦਬਾਜ਼ੀ ਲਈ ਵਧੀਆ ਦੱਸਿਆ ਸੀ। ਉਨ੍ਹਾਂ ਮੁਤਾਬਕ ਪਿੱਚ ਵਿੱਚ ਪਹਿਲਾਂ ਤੋਂ ਹੀ ਤੇਜ਼ੀ ਸੀ, ਜਿਸ ਕਾਰਨ ਉਨ੍ਹਾਂ ਨੂੰ ਗੇਂਦ ਬਹੁਤ ਤੇਜ਼ ਸੁੱਟਣ ਦੀ ਲੋੜ ਨਹੀਂ ਪਈ। ਕੁਲਦੀਪ ਨੇ ਸਹੀ ਲਾਈਨ, ਚੰਗੀ ਸਪਿਨ ਅਤੇ ਸਹੀ ਟੱਪੇ ਨੂੰ ਆਪਣੀ ਰਣਨੀਤੀ ਬਣਾਇਆ। ਪਿੱਚ ਦੀ ਤੇਜ਼ੀ ਕਾਰਨ ਬੈਕਫੁੱਟ 'ਤੇ ਖੇਡਣ ਵਾਲੇ ਬੱਲੇਬਾਜ਼ਾਂ ਖ਼ਿਲਾਫ਼ ਵੀ ਉਨ੍ਹਾਂ ਨੂੰ ਵਿਕਟਾਂ ਮਿਲੀਆਂ।
2026 ਕਾਊਂਟੀ ਚੈਂਪੀਅਨਸ਼ਿਪ ਵਿੱਚ ਕੁਲਦੀਪ ਤੋਂ ਇਲਾਵਾ 8 ਹੋਰ ਭਾਰਤੀ ਖਿਡਾਰੀ ਵੀ ਵੱਖ-ਵੱਖ ਟੀਮਾਂ ਲਈ ਖੇਡ ਰਹੇ ਹਨ। ਇਨ੍ਹਾਂ ਵਿੱਚ ਮਨਵ ਸੂਥਾਰ, ਯੁਜ਼ਵੇਂਦਰ ਚਹਲ, ਜੈਦੇਵ ਉਨਾਦਕਟ, ਮਯੰਕ ਅਗਰਵਾਲ, ਰਾਹੁਲ ਚਾਹਰ, ਆਰ. ਸਾਈ ਕਿਸ਼ੋਰ, ਮਹੀਪਾਲ ਲੋਮਰੋਰ ਅਤੇ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਸ਼ਾਮਲ ਹਨ। ਕੁਲਦੀਪ ਦਾ ਇਹ ਪ੍ਰਦਰਸ਼ਨ ਭਾਰਤੀ ਟੈਸਟ ਟੀਮ ਦੇ ਨਜ਼ਰੀਏ ਤੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਹੁਣ ਇੰਗਲੈਂਡ ਵਿੱਚ 10 ਵਿਕਟਾਂ ਲੈ ਕੇ ਕੁਲਦੀਪ ਨੇ ਵੀ ਟੈਸਟ ਟੀਮ ਲਈ ਆਪਣਾ ਦਾਅਵਾ ਹੋਰ ਮਜ਼ਬੂਤ ਕਰ ਦਿੱਤਾ ਹੈ।


Click it and Unblock the Notifications
