ਨਸ਼ਾ ਛੱਡਣ ਵਾਲਿਆਂ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ, ਨਸ਼ਾ ਛੁਡਾਊ ਕੇਂਦਰਾਂ ’ਚ ਜਲਦ ਸ਼ੁਰੂ ਹੋਵੇਗੀ Triple H ਸਕ੍ਰੀਨਿੰਗ
ਪੰਜਾਬ ਵਿੱਚ ਨਸ਼ੇ ਅਤੇ ਖੂਨ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਇੱਕ ਹੋਰ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਸਰਕਾਰੀ ਨਸ਼ਾ ਛੁਡਾਊ ਅਤੇ ਰਿਹੈਬਿਲੀਟੇਸ਼ਨ ਕੇਂਦਰਾਂ ਵਿੱਚ ਜਲਦ ਹੀ Triple H ਸਕ੍ਰੀਨਿੰਗ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਨਸ਼ਾ ਛੁਡਾਊ ਇਲਾਜ ਲਈ ਆਉਣ ਵਾਲੇ ਲੋਕਾਂ ਦੀ HIV, ਹੈਪੇਟਾਈਟਸ B ਅਤੇ ਹੈਪੇਟਾਈਟਸ C ਦੀ ਜਾਂਚ ਕੀਤੀ ਜਾਵੇਗੀ।
ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਹਿੱਸਾ ਹੈ। ਇਸ ਦਾ ਮਕਸਦ ਨਸ਼ਿਆਂ ਦੀ ਵਰਤੋਂ ਨਾਲ ਜੂਝ ਰਹੇ ਲੋਕਾਂ ਵਿੱਚ ਇਨਫੈਕਸ਼ਨਾਂ ਦੇ ਫੈਲਾਅ ਨੂੰ ਰੋਕਣਾ ਹੈ। HIV, ਹੈਪੇਟਾਈਟਸ B ਅਤੇ ਹੈਪੇਟਾਈਟਸ C ਵਰਗੀਆਂ ਵਾਇਰਲ ਇਨਫੈਕਸ਼ਨਾਂ -ਸਾਂਝੀਆਂ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਰਾਹੀਂ ਫੈਲ ਸਕਦੀਆਂ ਹਨ। ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਨਸ਼ੇ ਦੀ ਲਤ ਤੋਂ ਉਭਰ ਰਹੇ ਲੋਕਾਂ ਨੂੰ ਮੁੜ ਸਮਾਜ ਵਿੱਚ ਸਿਹਤਮੰਦ ਜੀਵਨ ਵੱਲ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਨਵੇਂ ਤਰੀਕੇ ਤਹਿਤ ਸਕ੍ਰੀਨਿੰਗ ਨੂੰ ਸਿੱਧੇ ਤੌਰ 'ਤੇ ਨਸ਼ਾ ਛੁਡਾਊ ਅਤੇ ਰਿਹੈਬਿਲੀਟੇਸ਼ਨ ਸੇਵਾਵਾਂ ਨਾਲ ਜੋੜਿਆ ਜਾਵੇਗਾ। ਇਸ ਨਾਲ ਜਾਂਚ ਦੇ ਵਧੇਰੇ ਨਿਯਮਤ ਮੌਕੇ ਮਿਲਣਗੇ ਅਤੇ ਜਿਨ੍ਹਾਂ ਲੋਕਾਂ ਨੂੰ ਹੋਰ ਜਾਂਚ, ਇਲਾਜ ਜਾਂ ਲਗਾਤਾਰ ਮੈਡੀਕਲ ਦੇਖਭਾਲ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਅੱਗੇ ਰੈਫਰ ਕੀਤਾ ਜਾ ਸਕੇਗਾ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿਉਂ ਜ਼ਰੂਰੀ ਹੈ ਸਕ੍ਰੀਨਿੰਗ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪਹਿਲਾਂ ਇੰਜੈਕਸ਼ਨ ਰਾਹੀਂ ਨਸ਼ਾ ਲੈਣ ਦਾ ਇਤਿਹਾਸ ਹੈ, ਉਨ੍ਹਾਂ ਵਿੱਚ ਖੂਨ ਰਾਹੀਂ ਫੈਲਣ ਵਾਲੀਆਂ ਇਨਫੈਕਸ਼ਨਾਂ ਦਾ ਖ਼ਤਰਾ ਵੱਧ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬਿਮਾਰੀ ਦੀ ਪਛਾਣ ਹੋਣ ਨਾਲ ਮਰੀਜ਼ ਨੂੰ ਸਹੀ ਸਮੇਂ 'ਤੇ ਇਲਾਜ ਅਤੇ ਕਾਊਂਸਲਿੰਗ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਪੰਜਾਬ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਵੱਲ ਕੰਮ ਕਰ ਰਹੀ ਹੈ।
ਨਸ਼ਾ ਮੁਕਤੀ ਤੋਂ ਅੱਗੇ ਵਧ ਕੇ ਹੋਵੇਗੀ ਪੂਰੀ ਦੇਖਭਾਲ
Triple H ਸਕ੍ਰੀਨਿੰਗ ਨੂੰ ਨਸ਼ਾ ਛੁਡਾਊ ਇਲਾਜ ਨਾਲ ਜੋੜਨ ਦਾ ਮਕਸਦ ਇਹ ਵੀ ਹੈ ਕਿ ਨਸ਼ੇ ਤੋਂ ਰਿਕਵਰੀ ਨੂੰ ਸਿਰਫ਼ ਨਸ਼ਾ ਛੱਡਣ ਤੱਕ ਸੀਮਤ ਨਾ ਰੱਖਿਆ ਜਾਵੇ। ਇਸ ਪਹਿਲਕਦਮੀ ਰਾਹੀਂ ਨਸ਼ੇ ਨਾਲ ਪ੍ਰਭਾਵਿਤ ਲੋਕਾਂ ਲਈ ਇਲਾਜ, ਜਾਂਚ, ਫਾਲੋਅਪ ਅਤੇ ਪੁਨਰਵਾਸ ਨੂੰ ਇੱਕੋ ਸਿਹਤ ਸੇਵਾ ਪ੍ਰਣਾਲੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Click it and Unblock the Notifications
