104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ! ਵੈਧ ਵੀਜ਼ੇ ਦੇ ਬਾਵਜੂਦ ਭਾਰਤ ਜਾਣ ਤੋਂ ਰੋਕਿਆ
ਪਾਕਿਸਤਾਨ ਤੋਂ ਭਾਰਤ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ 104 ਸਿੱਖ ਸ਼ਰਧਾਲੂਆਂ ਨੂੰ ਫ਼ੈਸਲਾਬਾਦ ਏਅਰਪੋਰਟ 'ਤੇ ਕਰੀਬ 12 ਘੰਟਿਆਂ ਤੱਕ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਧਾਲੂਆਂ ਨੂੰ ਯਾਤਰਾ ਦੀ ਇਜਾਜ਼ਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਰਾਤ ਭਰ ਏਅਰਪੋਰਟ 'ਤੇ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਕ ਇਹ 104 ਸਿੱਖ ਸ਼ਰਧਾਲੂ ਭਾਰਤ ਵਿੱਚ ਸ੍ਰੀ ਹੇਮਕੁੰਟ ਸਾਹਿਬ, ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਪੰਜਾਬ ਦੇ ਹੋਰ ਪ੍ਰਮੁੱਖ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ। ਸ਼ਰਧਾਲੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੇ ਵੈਧ ਭਾਰਤੀ ਵੀਜ਼ੇ ਮੌਜੂਦ ਹਨ। ਇਸ ਦੇ ਬਾਵਜੂਦ ਪਾਕਿਸਤਾਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਪਾਕਿਸਤਾਨ ਸਰਕਾਰ, ਗ੍ਰਹਿ ਵਿਭਾਗ ਅਤੇ ਵਿਦੇਸ਼ ਵਿਭਾਗ ਦੀ NOC ਪੇਸ਼ ਕਰਨ ਦੀ ਮੰਗ ਕੀਤੀ ਗਈ।

ਸ਼ਰਧਾਲੂਆਂ ਨੇ ਸਵਾਲ ਉਠਾਇਆ ਕਿ ਜੇਕਰ ਭਾਰਤ ਜਾਣ ਲਈ ਇਹ NOC ਲਾਜ਼ਮੀ ਸੀ ਤਾਂ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ। ਸ਼ਰਧਾਲੂਆਂ ਮੁਤਾਬਕ ਉਹ ਪਹਿਲਾਂ ਵਾਹਗਾ-ਅਟਾਰੀ ਸਰਹੱਦ ਰਾਹੀਂ ਸੜਕ ਰਸਤੇ ਭਾਰਤ ਆਉਣ ਵਾਲੇ ਸਨ, ਪਰ ਪਾਕਿਸਤਾਨ ਵੱਲੋਂ ਜ਼ਮੀਨੀ ਰਸਤੇ ਰਾਹੀਂ ਜਾਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਦਾ ਤਰੀਕਾ ਬਦਲਣਾ ਪਿਆ।
ਇਸ ਤੋਂ ਬਾਅਦ ਸ਼ਰਧਾਲੂਆਂ ਨੇ ਮਹਿੰਗੀਆਂ ਹਵਾਈ ਟਿਕਟਾਂ ਖਰੀਦੀਆਂ ਅਤੇ ਭਾਰਤ ਆਉਣ ਦੀ ਤਿਆਰੀ ਕੀਤੀ। ਹੁਣ ਏਅਰਪੋਰਟ 'ਤੇ ਰੋਕੇ ਜਾਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਮਾਨਸਿਕ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨੂੰ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਏਅਰਪੋਰਟ 'ਤੇ ਹੀ ਰੁਕਣਾ ਪਿਆ। ਯਾਤਰਾ ਦੀ ਇਜਾਜ਼ਤ ਨਾ ਮਿਲਣ ਕਾਰਨ ਜਥੇ ਦੇ ਮੈਂਬਰਾਂ ਨੇ ਏਅਰਪੋਰਟ 'ਤੇ ਹੀ ਬੈਠ ਕੇ ਪਾਠ ਕੀਤਾ।
ਇਸ ਮਾਮਲੇ ਵਿੱਚ ਪਾਕਿਸਤਾਨੀ ਸਿੱਖ ਜਥੇ ਦੇ ਆਗੂਆਂ ਨੇ ਭਾਰਤ ਦੇ ਸਿੱਖ ਆਗੂਆਂ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਸ਼ਰਧਾਲੂਆਂ ਨੂੰ ਭਾਰਤ ਜਾਣ ਦੀ ਇਜਾਜ਼ਤ ਦਿਵਾਉਣ ਲਈ ਮਾਮਲਾ ਉਠਾਉਣ।
ਫਿਲਹਾਲ 104 ਸਿੱਖ ਸ਼ਰਧਾਲੂਆਂ ਦੀ ਭਾਰਤ ਯਾਤਰਾ ਨੂੰ ਲੈ ਕੇ ਅਸਮੰਜਸ ਬਣਿਆ ਹੋਇਆ ਹੈ ਅਤੇ ਉਹ ਪਾਕਿਸਤਾਨੀ ਅਧਿਕਾਰੀਆਂ ਤੋਂ ਇਜਾਜ਼ਤ ਮਿਲਣ ਦੀ ਉਡੀਕ ਕਰ ਰਹੇ ਹਨ।


Click it and Unblock the Notifications
