ਦੁਬਈ ਤੋਂ ਘਰ ਪਰਤ ਰਿਹਾ ਪੰਜਾਬੀ ਨੌਜਵਾਨ 4 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਸਰਕਾਰ ਤੋਂ ਮੰਗੀ ਮਦਦ
ਗਿੱਦੜਬਾਹਾ: ਦੁਬਈ ਤੋਂ ਪੰਜਾਬ ਆਪਣੇ ਪਿੰਡ ਪਰਤ ਰਿਹਾ ਨੌਜਵਾਨ ਅਚਾਨਕ ਲਾਪਤਾ ਹੋ ਗਿਆ ਹੈ। ਗਿੱਦੜਬਾਹਾ ਦੇ ਪਿੰਡ ਹੁਸਨਰ ਦਾ ਨੌਜਵਾਨ ਗੁਰਜਿੰਦਰ ਸਿੰਘ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਹੈ। ਗੁਰਜਿੰਦਰ ਦੇ ਲਾਪਤਾ ਹੋਣ ਤੋਂ ਬਾਅਦ ਪੂਰਾ ਪਰਿਵਾਰ ਚਿੰਤਾ ਵਿੱਚ ਹੈ। ਉਨ੍ਹਾਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਤੋਂ ਗੁਰਜਿੰਦਰ ਦੀ ਭਾਲ ਲਈ ਮਦਦ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਮੁਤਾਬਕ ਗੁਰਜਿੰਦਰ ਨੇ 4 ਤਰੀਕ ਨੂੰ ਘਰ ਪਹੁੰਚਣਾ ਸੀ। ਉਸਦੀ ਸ਼ਾਮ 6:30 ਵਜੇ ਦੀ ਫਲਾਈਟ ਸੀ ਅਤੇ ਰਾਤ ਤੱਕ ਘਰ ਆਉਣ ਦੀ ਉਮੀਦ ਸੀ। ਪਰਿਵਾਰ ਨਾਲ ਉਸਦੀ ਆਖਰੀ ਵਾਰ ਵੀਰਵਾਰ ਸ਼ਾਮ ਕਰੀਬ 6:30 ਵਜੇ ਗੱਲ ਹੋਈ ਸੀ। ਇਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਤੇ ਵਟਸਐਪ ਤੇ ਇੰਸਟਾਗ੍ਰਾਮ 'ਤੇ ਵੀ ਉਸ ਨਾਲ ਸੰਪਰਕ ਨਹੀਂ ਹੋ ਰਿਹਾ।

ਦੁਬਈ ਦੀ ਕੰਪਨੀ 'ਤੇ ਵੀ ਪਰਿਵਾਰ ਨੂੰ ਸ਼ੱਕ
ਜਾਣਕਾਰੀ ਮੁਤਾਬਕ ਗੁਰਜਿੰਦਰ ਪਿਛਲੇ ਕਰੀਬ 8 ਮਹੀਨਿਆਂ ਤੋਂ ਦੁਬਈ ਵਿੱਚ ਕੰਮ ਕਰ ਰਿਹਾ ਸੀ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਸਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਪਰਿਵਾਰ ਨੇ ਦੁਬਈ ਭੇਜਿਆ ਸੀ। ਗੁਰਜਿੰਦਰ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਉਸਦੀ ਕੰਪਨੀ 'ਤੇ ਵੀ ਸ਼ੱਕ ਜ਼ਾਹਰ ਕੀਤਾ ਹੈ। ਇਸ ਸਬੰਧੀ ਗਿੱਦੜਬਾਹਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਭਾਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਸ ਬਾਰੇ ਜਾਣਕਾਰੀ ਪਰਿਵਾਰ ਤੱਕ ਪਹੁੰਚਾਈ ਜਾਵੇ।


Click it and Unblock the Notifications
