LPU ਹੰਗਾਮੇ ਤੋਂ ਬਾਅਦ ਇੰਟਰਨੈੱਟ ਬੰਦ, ਯੂਨੀਵਰਸਿਟੀ ਨੇ ਮਿਡ-ਟਰਮ ਇਮਤਿਹਾਨ ਕੀਤੇ ਰੱਦ, 10 ਦਿਨਾਂ ਲਈ ਐਲਾਨੀ ਗਈ ਛੁੱਟੀ
ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਏ ਹੰਗਾਮੇ ਤੋਂ ਬਾਅਦ ਅਗਲੇ ਹੁਕਮਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਭੜਕਾਊ ਵੀਡੀਓ ਜਾਂ ਸਮੱਗਰੀ ਰਾਹੀਂ ਮਾਹੌਲ ਮੁੜ ਖ਼ਰਾਬ ਨਾ ਹੋਵੇ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।
ਹੰਗਾਮੇ ਤੋਂ ਬਾਅਦ LPU ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਆਪਣੇ ਘਰ ਜਾਣਾ ਚਾਹੁੰਦੇ ਹਨ, ਉਹ ਆਪਣੇ ਮਾਪਿਆਂ ਨੂੰ ਬੁਲਾ ਸਕਦੇ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਘਰ ਵਾਪਸ ਜਾਣਾ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਮਿਡ-ਟਰਮ ਇਮਤਿਹਾਨ ਵੀ ਰੱਦ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਐਤਵਾਰ ਸਵੇਰੇ ਕਰੀਬ 6 ਵਜੇ ਤੋਂ ਲੱਗਿਆ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਦਾ ਜਾਮ ਲਗਭਗ 18 ਘੰਟਿਆਂ ਬਾਅਦ ਐਤਵਾਰ ਰਾਤ 12 ਵਜੇ ਖੋਲ੍ਹਿਆ ਗਿਆ। ਉੱਧਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕਪੂਰਥਲਾ ਦੇ ਡੀਸੀ ਅਤੇ ਐੱਸਐੱਸਪੀ ਤੋਂ FIR ਦੀ ਕਾਪੀ, SIT ਅਤੇ ਹੁਣ ਤੱਕ ਦੀ ਜਾਂਚ ਦੀ ਰਿਪੋਰਟ ਤਲਬ ਕੀਤੀ ਹੈ। ਕਮਿਸ਼ਨ ਨੇ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿੱਚ ਵਿਦਿਆਰਥਣਾਂ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਮੰਗੀ ਹੈ।
CM ਭਗਵੰਤ ਮਾਨ ਨੇ ਦਿੱਤੇ ਸਖ਼ਤ ਕਾਰਵਾਈ ਦੇ ਨਿਰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਨਿਰਦੇਸ਼ਾਂ 'ਤੇ ਪੰਜਾਬ ਦੇ DGP ਗੌਰਵ ਯਾਦਵ ਯੂਨੀਵਰਸਿਟੀ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। DGP ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ LPU ਵਿੱਚ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ।
ਉੰਨਾ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ SIT ਹਰ ਪਹਿਲੂ ਨੂੰ ਧਿਆਨ 'ਚ ਰੱਖ ਕੇ ਜਾਂਚ ਕਰ ਰਹੀ ਹੈ। ਜੋ ਵੀ ਇਸ ਮਾਮਲੇ 'ਚ ਦੋਸ਼ੀ ਹੋਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ। DGP ਗੌਰਵ ਯਾਦਵ ਨੇ ਮੀਡੀਆ ਨੂੰ ਵੀ ਆਪੇ ਕੀਤੀ ਕਿ ਭਰੋਸੇਮੰਦ ਸੂਤਰਾਂ ਤੋਂ ਹੀ ਖ਼ਬਰ ਲੈਣ , ਅਫਵਾਹਾਂ ਦੀਆਂ ਖ਼ਬਰਾਂ ਨਾ ਚਲਾਈਆਂ ਜਾਣ।
ਉੱਧਰ ਇਸ ਮਾਮਲੇ ਨੂੰ ਲੈ ਕੇ CJP ਪ੍ਰਧਾਨ ਅਭਿਜੀਤ ਦੀਪਕੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 2026 'ਚ ਸੁਰੱਖਿਆ ਵਰਗੀ ਬੇਸਿਕ ਸਹੂਲਤ ਨੂੰ ਲੈ ਕੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਇਸਦੀ ਜਾਂਚ ਕਰਕੇ ਇਹ ਸਪਸ਼ਟ ਕਰੇ ਕਿ ਆਖਿਰ ਇਹ ਪੂਰੀ ਘਟਨਾ ਕਿਵੇਂ ਵਾਪਰੀ ?


Click it and Unblock the Notifications
