ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਚੋਣ ਮੈਦਾਨ ’ਚ? 2027 ਲਈ ਵੱਡੀ ਤਿਆਰੀ
ਪੰਜਾਬ ਦੇ ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਬੰਦ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਪ੍ਰਭਾਵ ਆਪਣੇ ਹਲਕੇ 'ਚ ਘੱਟ ਨਹੀਂ ਹੋਇਆ। ਡੇਰਾ ਬਾਬਾ ਨਾਨਕ ਤੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰਕ ਸੂਤਰਾਂ ਮੁਤਾਬਕ ਜੱਗੂ ਦੀ ਇੱਕ ਕਰੀਬੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੀ ਹੈ। ਇਸ ਦੀ ਤਿਆਰੀ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਹੋ ਰਹੀ ਹੈ। ਸੂਤਰਾਂ ਮੁਤਾਬਕ, ਇਹ ਮਹਿਲਾ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਵਿਦੇਸ਼ ਵਿੱਚ ਰਹਿੰਦੀ ਹੈ। ਜੱਗੂ ਦੀ ਪਤਨੀ ਦੀ ਅਪ੍ਰੈਲ 2019 ਵਿੱਚ ਰਹੱਸਮਈ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਉਹ ਜੱਗੂ ਦੇ ਕਰੀਬ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਭਾਰਤ ਅਤੇ ਵਿਦੇਸ਼ ਵਿੱਚ ਜੱਗੂ ਦੇ ਕਈ ਕੰਮਾਂ ਅਤੇ ਵਿੱਤੀ ਮਾਮਲਿਆਂ ਨੂੰ ਵੀ ਦੇਖਦੀ ਹੈ। ਸੂਤਰਾਂ ਮੁਤਾਬਕ ਉਸ ਨੂੰ ਚੋਣ ਲੜਾਉਣ ਦਾ ਫੈਸਲਾ ਜੱਗੂ ਦੀ ਸਹਿਮਤੀ ਨਾਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਬਦਮਾਸ਼ੀ ਛੱਡ ਸਿਆਸਤ ਵਿੱਚ ਆਏ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ 'ਆਪ' ਵਿੱਚ ਸ਼ਾਮਲ ਹੋ ਕੇ ਜ਼ੀਰਾ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੱਗੂ ਭਗਵਾਨਪੁਰੀਆ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਦਾ ਨਾਂ FBI ਦੀਆਂ ਫਾਈਲਾਂ ਵਿੱਚ ਵੀ ਦੱਸਿਆ ਜਾਂਦਾ ਹੈ। ਦੂਜੇ ਪਾਸੇ, ਜੱਗੂ ਦੀ ਮਾਸੀ ਰਾਜਵਿੰਦਰ ਕੌਰ ਵੀ ਇਲਾਕੇ ਵਿੱਚ ਕਾਫੀ ਸਰਗਰਮ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਚੋਣ ਲੜਨਗੇ। ਪਰਿਵਾਰ ਵੱਲੋਂ ਜਨਵਰੀ ਵਿੱਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ 'ਆਪ' ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਚੁੱਕੇ ਹਨ ਅਤੇ ਸਮਾਗਮਾਂ ਵਿੱਚ ਦਿੱਤੇ ਜਾ ਰਹੇ ਮਹਿੰਗੇ ਸ਼ਗਨਾਂ ਦੀ ਫੰਡਿੰਗ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਰਾਜਵਿੰਦਰ ਕੌਰ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਅਤੇ ਹੁਣ ਉਨ੍ਹਾਂ ਕੋਲ ਪੈਸਾ ਆ ਗਿਆ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਪੈਸੇ ਦੇ ਸਰੋਤ 'ਤੇ ਸਵਾਲ ਚੁੱਕਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ 'ਤੇ ਸੂਬੇ ਨੂੰ ਗੈਂਗਸਟਰ ਰਾਜ ਵੱਲ ਧੱਕਣ ਦੇ ਦੋਸ਼ ਵੀ ਲਗਾਏ ਹਨ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਅਤੇ ਜੱਗੂ ਭਗਵਾਨਪੁਰੀਆ ਵਿਚਕਾਰ ਲੰਬੇ ਸਮੇਂ ਤੋਂ ਤਕਰਾਰ ਰਹੀ ਹੈ। 2024 ਦੀ ਡੇਰਾ ਬਾਬਾ ਨਾਨਕ ਉਪ-ਚੋਣ ਦੌਰਾਨ ਵੀ ਜੱਗੂ 'ਤੇ ਕਾਂਗਰਸੀ ਸਰਪੰਚਾਂ ਨੂੰ ਧਮਕਾਉਣ ਦੇ ਦੋਸ਼ ਲੱਗੇ ਸਨ।


Click it and Unblock the Notifications
