ਪਰਗਟ ਸਿੰਘ ਨੂੰ 'ਪ੍ਰਧਾਨਗੀ' ਮਿਲਦੇ ਹੀ ਹਮਲਾਵਰ ਹੋਏ 'ਚੀਮਾ', ਪਰਗਟ ਸਿੰਘ ਨੂੰ ਕੀਤੇ ਤਿੱਖੇ ਸਵਾਲ, ਕਾਂਗਰਸ ਨੂੰ ਲਿਆ ਨਿਸ਼ਾਨੇ 'ਤੇ
ਪ੍ਰਗਟ ਸਿੰਘ ਨੂੰ ਕਾਂਗਰਸ ਪ੍ਰਧਾਨ ਦਾ ਅਹੁਦਾ ਮਿਲਣ 'ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪਰਗਟ ਸਿੰਘ ਨੂੰ ਕਈ ਸਵਾਲ ਪੁੱਛੇ ਹਨ। ਮੰਤਰੀ ਹਰਪਾਲ ਚੀਮਾ ਨੇ ਮੀਡੀਆ ਰਾਹੀਂ ਪਰਗਟ ਸਿੰਘ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਹਮੇਸ਼ਾ ਪੰਜਾਬ ਅੰਦਰ ਨਸ਼ਿਆਂ ਅਤੇ ਬੇਅਦਬੀਆਂ ਦੇ ਮਾਮਲੇ 'ਤੇ ਚੁੱਪੀ ਕਿਉਂ ਧਾਰ ਕੇ ਰੱਖੀ ?
ਹਰਪਾਲ ਚੀਮਾ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਦੇਣ 'ਤੇ ਕਾਂਗਰਸ ਪਾਰਟੀ 'ਤੇ ਵੀ ਨਿਸ਼ਾਨਾ ਵਿਨ੍ਹਿਆ ਹੈ। ਚੀਮਾ ਨੇ ਕਿਹਾ ਕਿ ਪਾਰਟੀ ਨੂੰ ਪ੍ਰਧਾਨ ਦੀ ਚੋਣ ਲਈ ਆਪਣੇ ਪੁਰਾਣੇ ਵਰਕਰਾਂ ਅਤੇ ਆਗੂਆਂ ਦੀ ਯਾਦ ਨਹੀਂ ਆਈ।

ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪ੍ਰਧਾਨ ਦੇ ਅਹੁਦੇ ਲਈ ਉਸ ਆਗੂ ਨੂੰ ਚੁਣਿਆ ਜੋ ਕਦੇ ਅਕਾਲੀ ਦਲ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਕਿਸੀ ਵੱਡੇ ਮੁੱਦੇ 'ਤੇ ਕਦੇ ਆਪਣੀ ਅਵਾਜ਼ ਨਹੀਂ ਚੁੱਕੀ।
ਹਰਪਾਲ ਚੀਮਾ ਨੇ ਕਿਹਾ ਕਿ ਪਰਗਟ ਸਿੰਘ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਹੋਈ ਸੀ। ਉਨ੍ਹਾਂ ਦੋਸ਼ ਲਾਉਂਦੀਆਂ ਕਿਹਾ ਕਿ ਜਿਸ ਵਕਤ ਪਰਗਟ ਸਿੰਘ ਅਕਾਲੀ ਦਲ ਦਾ ਹਿੱਸਾ ਸਨ ਉਸ ਦੌਰਾਨ ਨਸ਼ੇ ਦਾ ਦਰਿਆ ਪੰਜਾਬ 'ਚ ਖੂਬ ਵਗ ਰਿਹਾ ਸੀ, ਬੇਅਦਬੀ ਦੀਆਂ ਘਟਨਾਵਾਂ ਵੀ ਉਸੀ ਦੌਰਾਨ ਹੋਈਆਂ ਪਰ ਪਰਗਟ ਸਿੰਘ ਨੇ ਇਨ੍ਹਾਂ ਮਸਲਿਆਂ 'ਤੇ ਕਦੇ ਵੀ ਆਪਣੀ ਅਵਾਜ਼ ਬੁਲੰਦ ਨਹੀਂ ਕੀਤੀ।
ਚੀਮਾ ਨੇ ਅੱਗੇ ਕਿਹਾ ਕਿ ਪਰਗਟ ਸਿੰਘ ਉੱਚੀ ਚੋਟੀ ਦੇ ਖਿਡਾਰੀ ਰਹੇ ਹਨ , ਪਰ ਪੰਜਾਬ ਦੇ ਨੌਜਵਾਨਾਂ ਲਈ ਖੇਡਾਂ ਲਈ ਅੱਜ ਤੱਕ ਉਨ੍ਹਾਂ ਨੇ ਕੋਈ ਵੱਡਾ ਕੰਮ ਨਹੀਂ ਕੀਤਾ। ਇਸਤੋਂ ਇਲਾਵਾ ਹਰਪਾਲ ਚੀਮਾ ਨੇ ਪੁੱਛਿਆ ਕਿ ਪਰਗਟ ਸਿੰਘ ਇਸ ਗੱਲ ਦਾ ਜਵਾਬ ਦੇਣ ਕਿ 1158 ਪ੍ਰੋਫੈਸਰਾਂ ਦੀ ਭਰਤੀ ਨਿਯਮ ਅਤੇ ਅਸਲ ਪ੍ਰਕ੍ਰਿਆ ਨੂੰ ਛਿੱਕੇ ਟੰਗ ਕੇ ਕਿਉਂ ਕੀਤੀ ਗਈ ?


Click it and Unblock the Notifications
