ਪੰਜਾਬ 'ਚ ਮੁੜ Encounter! ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂ, ਗ੍ਰੇਨੇਡ ਹਮਲੇ 'ਚ ਲੋੜੀਂਦਾ ਸੀ ਗੈਂਗਸਟਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਮੋਸਟ ਵਾਂਟੇਡ ਗੈਂਗਸਟਰ ਹਰਮਨ ਸਿੰਘ ਬੋਪਾਰਾਏ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਦੱਸ ਦਈਏ ਕਿ ਇਸ ਗੈਂਗਸਟਰ ਵਲੋਂ ਗੁਰਦਾਸਪੁਰ 'ਚ ਗ੍ਰਨੇਡ ਹਮਲਾ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੀ ਇਹ ਗੈਂਗਸਟਰ ਫ਼ਾਇਰਿੰਗ ਦੀਆਂ ਕਈ ਵਾਰਦਾਤਾਂ 'ਚ ਲੋੜੀਂਦਾ ਸੀ। ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਇਸ ਮੁਕਾਬਲੇ ਵਾਰੇ ਪੂਰੀ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਸ ਗੈਂਗਸਟਰ ਦੀ ਪੁਲਿਸ ਨੂੰ ਭਾਲ਼ ਸੀ। CIA ਟੀਮਾਂ ਲਗਾਤਾਰ ਇਸਨੂੰ ਫੜ੍ਹਨ ਲਈ ਇਨਪੁਟ ਇਕੱਠਾ ਕਰ ਰਹੀਆਂ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੱਤੇਵਾਲ ਦੇ ਐੱਸਐੱਚਓ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਟੀਮ ਨੂੰ ਪੱਕੀ ਗੁਪਤ ਸੂਚਨਾ ਮਿਲੀ ਸੀ ਕਿ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਗੈਂਗਸਟਰ ਹਰਮਨ ਇਲਾਕੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮਾਂ ਵੱਲੋਂ ਭੋਆ ਅਤੇ ਚੁਗਾਵਾਂ ਵਾਲੇ ਪਾਸੇ ਸੂਏ ਨੇੜੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਮੁਲਜ਼ਮ ਹਰਮਨ ਸਪਲੈਂਡਰ ਮੋਟਰਸਾਈਕਲ 'ਤੇ ਇਕੱਲਾ ਆਉਂਦਾ ਦਿਖਾਈ ਦਿੱਤਾ।
ਨਾਕੇ 'ਤੇ ਤਾਇਨਾਤ ਪੁਲਿਸ ਪਾਰਟੀ ਨੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਰੁਕਣ ਦੀ ਬਜਾਏ ਆਪਣੀ ਪਿਸਤੌਲ ਕੱਢ ਲਈ ਅਤੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਮੁਤਾਬਕ ਮੁਲਜ਼ਮ ਨੇ ਕਰੀਬ 3 ਤੋਂ 4 ਰਾਊਂਡ ਫਾਇਰ ਕੀਤੇ। ਉਸ ਵੱਲੋਂ ਚਲਾਈ ਗਈ ਇੱਕ ਗੋਲੀ ਐੱਸਐੱਚਓ ਦਲਜੀਤ ਸਿੰਘ ਦੀ ਬਾਂਹ ਦੇ ਬਿਲਕੁਲ ਨੇੜਿਓਂ ਛੂਹਦੀ ਹੋਈ ਨਿਕਲ ਗਈ।
ਪੁਲਿਸ ਨੇ ਆਪਣੇ ਬਚਾਅ ਲਈ ਪਹਿਲਾਂ ਹਵਾਈ ਫਾਇਰ ਕੀਤੇ ਜਿਸ ਤੋਂ ਬਾਅਦ ਇੱਕ ਗੋਲੀ ਹਰਮਨ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਉੱਥੇ ਹੀ ਡਿੱਗ ਪਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਮੁਤਾਬਕ ਅੱਗੇ ਹੁਣ ਉਸਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।


Click it and Unblock the Notifications
