ਗੋਲਡੀ ਬਰਾੜ FBI ਦੀ ਟਾਪ-10 ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, 10 ਲੱਖ ਡਾਲਰ ਦਾ ਇਨਾਮ
ਅਮਰੀਕੀ ਖੁਫ਼ੀਆ ਜਾਂਚ ਏਜੰਸੀ FBI ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਤਰਨਾਕ ਮੈਂਬਰ ਗੋਲਡੀ ਬਰਾੜ ਨੂੰ ਆਪਣੀ ਸਭ ਤੋਂ ਵੱਧ ਲੋੜੀਂਦੇ 10 ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਨੇ ਗੈਂਗਸਟਰ ਗੋਲਡੀ ਬਰਾੜ ਦੇ ਸਿਰ 'ਤੇ 10 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ।
ਜੋ ਵਿਅਕਤੀ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਮਦਦ ਕਰੇਗਾ ਉਸਨੂੰ ਇਹ ਇਨਾਮ ਦਿੱਤਾ ਜਾਵੇਗਾ। ਗੋਲਡੀ ਬਰਾੜ 'ਤੇ ਕਤਲ ਦੀ ਸਾਜ਼ਿਸ਼, ਜਬਰੀ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਗੰਭੀਰ ਦੋਸ਼ ਹਨ। ਐਫਬੀਆਈ ਮੁਤਾਬਕ , ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਸੰਯੁਕਤ ਰਾਜ ਅਮਰੀਕਾ ਤੋਂ ਲਾਰੈਂਸ ਬਿਸ਼ਨੋਈ ਦੇ ਸਿੰਡੀਕੇਟ ਨੂੰ ਚਲਾਉਂਦਾ ਹੈ। ਇਹ ਗਿਰੋਹ ਅਮਰੀਕਾ, ਕੈਨੇਡਾ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਤਲ, ਜਬਰੀ ਵਸੂਲੀ, ਫਿਰੌਤੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ।

ਐਫਬੀਆਈ ਵੱਲੋਂ ਜਾਰੀ ਕੀਤੀ ਗਈ ਮੋਸ੍ਟ ਵਾੰਟੇਡ ਗੈਂਗਸਟਰਾਂ ਦੀ ਲਿਸਟ ਵਿਚ ਉਸ ਦਾ ਨਾਂਅ ਆਉਣਾ ਇਹ ਸਾਫ ਕਰਦਾ ਹੈ ਕਿ ਕਿਸ ਵੱਡੇ ਪੱਧਰ 'ਤੇ ਉਹ ਜ਼ੁਰਮ ਦੀ ਦੁਨੀਆ ਵਿੱਚ ਕੰਮ ਕਰ ਰਿਹਾ ਹੈ। ਗੋਲਡੀ ਬਰਾੜ ਇਸ ਸਮੇਂ ਫਰਾਰ ਹੈ ਅਤੇ ਅਮਰੀਕੀ ਏਜੰਸੀਆਂ ਉਸਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਹਨ।
Operation Hardball ਤਹਿਤ 37 ਮੁਲਜ਼ਮਾਂ ਵਿਰੁੱਧ ਹੋਈ ਕਾਰਵਾਈ
ਜੁਲਾਈ 2026 ਵਿੱਚ, ਅਮਰੀਕਾ ਵਿੱਚ "ਆਪ੍ਰੇਸ਼ਨ ਹਾਰਡਬਾਲ" ਨਾਮ ਹੇਠ ਇੱਕ ਵੱਡਾ ਆਪ੍ਰੇਸ਼ਨ ਕੀਤਾ ਗਿਆ ਸੀ। ਇਸਦੇ ਤਹਿਤ ਭਾਰਤ ਨਾਲ ਜੁੜੇ ਤਿੰਨ ਵੱਡੇ ਅਪਰਾਧਿਕ ਗਿਰੋਹਾਂ ਦੇ 37 ਵਿਅਕਤੀਆਂ ਵਿਰੁੱਧ ਦੋਸ਼ ਜਨਤਕ ਕੀਤੇ ਗਏ ਸਨ, ਜਿਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵੀ ਸ਼ਾਮਲ ਸਨ। ਇਸ ਵੱਡੇ ਆਪ੍ਰੇਸ਼ਨ ਤੋਂ ਬਾਅਦ, ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਗੋਲਡੀ ਬਰਾੜ ਸਮੇਤ ਕੁਝ ਹੋਰ ਅਜੇ ਵੀ ਫਰਾਰ ਹਨ।
FBI ਨੇ ਬਿਸ਼ਨੋਈ ਗੈਂਗ ਨਾਲ ਜੁੜੇ ਨੈੱਟਵਰਕ 'ਤੇ ਕੈਨੇਡਾ ਵਿੱਚ 2023 ਦੌਰਾਨ ਖਾਲਿਸਤਾਨ ਪੱਖੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਲਗਾਏ ਹਨ। ਹਾਲਾਂਕਿ, ਇਹ ਦੋਸ਼ ਅਪਰਾਧਿਕ ਕਾਰਵਾਈ ਦਾ ਹਿੱਸਾ ਹਨ ਅਤੇ ਗੋਲਡੀ ਬਰਾੜ ਖ਼ਿਲਾਫ਼ ਇਨ੍ਹਾਂ ਮਾਮਲਿਆਂ ਵਿੱਚ ਦੋਸ਼ ਅਜੇ ਅਦਾਲਤ ਵੱਲੋਂ ਸਾਬਤ ਨਹੀਂ ਹੋਏ ਹਨ।
FBI ਮਾਮਲੇ ਦੇ ਸਬੰਧ ਵਿੱਚ ਕੈਨੇਡੀਅਨ ਪੁਲਿਸ ਅਤੇ ਲਾਸ ਏਂਜਲਸ ਪੁਲਿਸ ਦੇ ਸਹਿਯੋਗ ਨਾਲ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ। ਅਮਰੀਕੀ ਏਜੰਸੀ ਨੇ ਜਨਤਾ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਗੋਲਡੀ ਬਰਾੜ ਬਾਰੇ ਕੋਈ ਜਾਣਕਾਰੀ ਜਾਂ ਸੁਰਾਗ ਹੈ ਤਾਂ ਤੁਰੰਤ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ । ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ, ਉਸਦੀ ਗ੍ਰਿਫ਼ਤਾਰੀ ਵਿੱਚ ਸਹਾਇਤਾ ਲਈ 10 ਲੱਖ ਅਮਰੀਕੀ ਡਾਲਰ ਦਾ ਐਲਾਨ ਵੀ ਕੀਤਾ ਗਿਆ ਹੈ।


Click it and Unblock the Notifications
