ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ: BJP ਪੰਜਾਬ ਨੂੰ ਨਹੀਂ ਸਮਝਦੀ, 4 ਸਾਲਾਂ 'ਚ ਪਾਰਟੀ ਨੇ ਮੇਰੇ ਨਾਲ ਨਹੀਂ ਕੀਤੀ ਕੋਈ ਮੀਟਿੰਗ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਏ 4 ਸਾਲ ਹੋ ਗਏ ਹਨ, ਪਰ ਪਾਰਟੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਸਮਝ ਨਹੀਂ ਸਕੀ, ਜਿਸ ਕਾਰਨ ਇਸ ਦੌਰਾਨ ਪੰਜਾਬ ਨਾਲ ਜੁੜੇ ਮਾਮਲਿਆਂ 'ਤੇ ਉਨ੍ਹਾਂ ਤੋਂ ਕਦੇ ਕੋਈ ਰਾਏ ਨਹੀਂ ਲਈ ਗਈ।
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅੰਗਰੇਜ਼ੀ ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ ਕਿ BJP ਨੂੰ ਪੰਜਾਬ ਸਮਝ ਹੀ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੰਬੇ ਸਮੇਂ ਤੱਕ ਪੰਜਾਬ ਵਿੱਚ ਇਕੱਲੇ ਸੱਤਾ ਵਿੱਚ ਨਹੀਂ ਰਹੀ ਅਤੇ ਸੂਬੇ ਦੀ ਰਾਜਨੀਤੀ ਨੂੰ ਸਮਝਣ ਲਈ ਪਾਰਟੀ ਨੂੰ ਤਜਰਬੇਕਾਰ ਆਗੂਆਂ ਤੋਂ ਸਲਾਹ ਲੈਣੀ ਚਾਹੀਦੀ ਹੈ।

ਕੈਪਟਨ ਨੇ ਕਿਹਾ ਕਿ ਉਨ੍ਹਾਂ ਕੋਲ਼ ਪੰਜਾਬ ਦੀ ਸਿਆਸਤ ਦਾ ਲੰਬਾ ਤਜੁਰਬਾ ਹੈ ਪਰ ਬਾਵਜੂਦ ਇਸਦੇ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਦੀ ਰਾਜਨੀਤੀ ਜਾਂ ਨੀਤੀ ਨੂੰ ਲੈ ਕੇ ਭਾਜਪਾ ਨਾਲ ਉਨ੍ਹਾਂ ਦੀ ਇੱਕ ਵੀ ਮੀਟਿੰਗ ਨਹੀਂ ਹੋਈ।
ਭਾਜਪਾ ਵਿੱਚ ਸ਼ਾਮਲ ਹੋਣ ਦੇ ਫੈਸਲੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਪੰਜਾਬ ਨਾਲ ਜੁੜੇ ਮਾਮਲਿਆਂ ਵਿੱਚ ਪਾਰਟੀ ਉਨ੍ਹਾਂ ਤੋਂ ਸਲਾਹ ਲਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਪੁਰਾਣੇ ਸਹਿਯੋਗੀ ਰਹੇ ਹਨ ,ਉਨ੍ਹਾਂ ਮੁਤਾਬਕ ਭਾਜਪਾ ਜੇਕਰ ਪੰਜਾਬ 'ਚ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਨਾਲ ਗਠਜੋੜ ਜ਼ਰੂਰੀ ਹੈ।
ਕਾਂਗਰਸ ਵਿੱਚ ਨਹੀਂ ਕਰੂੰਗਾ ਵਾਪਸੀ -ਕੈਪਟਨ
ਕਾਂਗਰਸ ਵਿੱਚ ਵਾਪਸੀ ਦੇ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਨੇ ਸਾਫ਼ ਕੀਤਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਨਾਲ ਗੱਲਬਾਤ ਨਹੀਂ ਹੋਈ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸੇ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰਦੇ ਹਨ ਤਾਂ ਉਹ ਮਦਦ ਕਰਨ ਲਈ ਤਿਆਰ ਹਨ ਪਰ ਕਾਂਗਰਸ ਵਿੱਚ ਵਾਪਸੀ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ।
ਰਾਹੁਲ ਗਾਂਧੀ ਦੇ PM ਬਣਨ ਦੇ ਸਵਾਲ 'ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੀ PM ਬਣ ਸਕਦੇ ਹਨ। ਕੈਪਟਨ ਨੇ ਰਾਹੁਲ ਗਾਂਧੀ ਦੀ ਇੰਦੌਰ ਰੈਲੀ ਦੌਰਾਨ ਇਕੱਠੀ ਹੋਈ ਲੋਕਾਂ ਦੀ ਭੀੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਦੇਖਕੇ ਉਹ ਪ੍ਰਭਾਵਿਤ ਹੋਏ ਹਨ । ਕੈਪਟਨ ਨੇ ਕਿਹਾ ਕਿ ਸਿਆਸਤ ਬਦਲਦੀ ਰਹਿੰਦੀ ਹੈ ਅਤੇ ਹਰ ਪਾਰਟੀ ਦਾ ਆਪਣਾ ਸਮਾਂ ਆਉਂਦਾ ਹੈ।
ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦੈ -ਕੈਪਟਨ
ਅਸਮ ਦੀ ਡਿਬ੍ਰੂਗੜ੍ਹ ਜੇਲ੍ਹ 'ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਵਕਾਲਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਸ ਨੇ ਕੋਈ ਅਪਰਾਧ ਕੀਤਾ ਹੈ ਤਾਂ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣ ਨਾਲ ਉਸਦੀ ਲੋਕਪ੍ਰਿਯਤਾ ਹੋਰ ਵਧ ਸਕਦੀ ਹੈ।


Click it and Unblock the Notifications
