ਮੋਗਾ ਦੀ AAP ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ ED ਦਾ ਸੰਮਨ, 25 ਨਵੰਬਰ ਨੂੰ ਚੰਡੀਗੜ੍ਹ ਦਫ਼ਤਰ 'ਚ ਹੋਣਾ ਪਵੇਗਾ ਪੇਸ਼
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਜ਼ਮੀਨੀ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ। ਸੂਤਰਾਂ ਅਨੁਸਾਰ ਵਿਧਾਇਕਾ ਨੂੰ 25 ਨਵੰਬਰ ਨੂੰ ਚੰਡੀਗੜ੍ਹ ਸਥਿਤ ਏਜੰਸੀ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਏਜੰਸੀ ਨੇ ਜਾਂਚ ਅਧੀਨ ਜਾਇਦਾਦਾਂ ਬਾਰੇ ਹੋਰ ਜਾਣਕਾਰੀ ਅਤੇ ਦਸਤਾਵੇਜ਼ ਮੰਗੇ ਹਨ। ਵਿਧਾਇਕਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੇਸ਼ੀ ਦੌਰਾਨ ਇਨ੍ਹਾਂ ਜਾਇਦਾਦਾਂ ਨਾਲ ਸਬੰਧਤ ਸਾਰੇ ਰਿਕਾਰਡ ਵੀ ਨਾਲ ਲੈ ਕੇ ਆਉਣ। ED ਨੇ ਪਹਿਲਾਂ ਦੋਸ਼ ਲਾਇਆ ਸੀ ਕਿ ਕੌਮੀ ਸ਼ਾਹਰਾਹ ਲਈ ਐਕੁਆਇਰ ਜ਼ਮੀਨ ਦਾ 1.01 ਕਰੋੜ ਰੁਪਏ ਦਾ ਸਰਕਾਰੀ ਮੁਆਵਜ਼ਾ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰ ਕੇ ਹਾਸਲ ਕੀਤਾ ਗਿਆ।

ਮੁਹਾਲੀ ਦੀ ਫੋਰੈਂਸਿਕ ਲੈਬ ਵਿੱਚ ਇੰਤਕਾਲ 'ਤੇ ਜਾਅਲੀ ਦਸਤਖ਼ਤਾਂ ਦੀ ਪੁਸ਼ਟੀ ਹੋਈ ਹੈ। ਇਹ ਰਾਸ਼ੀ ਦਿਲਖੁਸ਼ ਕੁਮਾਰੀ ਦੇ ਖਾਤੇ ਵਿੱਚ ਜਮ੍ਹਾਂ ਹੋਈ ਸੀ, ਜੋ ਬਾਅਦ ਵਿੱਚ ਜਾਮ ਕਰ ਦਿੱਤਾ ਗਿਆ। ED ਦੀ ਜਾਂਚ ਵਿੱਚ ਕਥਿਤ ਤੌਰ 'ਤੇ ਕੇਂਦਰ, ਪੰਜਾਬ ਸਰਕਾਰ ਤੇ ਨਗਰ ਨਿਗਮ ਦੀਆਂ ਜਾਇਦਾਦਾਂ ਦੀ ਵੀ ਧੋਖਾਧੜੀ ਨਾਲ ਮਾਲਕੀ ਤਬਦੀਲ ਕਰਨ ਦੇ ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਵਿੱਚ ਜ਼ੀਰਾ ਰੋਡ 'ਤੇ ਕੇਂਦਰ ਸਰਕਾਰ ਦੀ 13 ਮਰਲੇ ਜ਼ਮੀਨ, ਸਿਵਲ ਲਾਈਨਜ਼ ਵਿਖੇ ਪੰਜਾਬ ਸਰਕਾਰ ਦੀ 7 ਮਰਲੇ ਜ਼ਮੀਨ, ਰੇਲਵੇ ਰੋਡ 'ਤੇ ਮਾਰਕੀਟ ਕਮੇਟੀ ਦੀ 6 ਮਰਲੇ ਜ਼ਮੀਨ ਅਤੇ ਮੋਗਾ ਦੇ ਮਹਿਲਾ ਸਿੰਘ-3 ਇਲਾਕੇ ਵਿੱਚ ਨਗਰ ਨਿਗਮ ਦੀ 3 ਕਨਾਲ 16 ਮਰਲੇ ਜ਼ਮੀਨ ਸ਼ਾਮਲ ਦੱਸੀ ਗਈ ਹੈ। ਇਸ ਤੋਂ ਇਲਾਵਾ ਯੂਨਾਈਟਿਡ ਚਰਚ ਆਫ਼ ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਦੀ 52 ਮਰਲੇ 8 ਸਰਸਾਹੀ ਜ਼ਮੀਨ ਦੇ ਕਥਿਤ ਧੋਖਾਧੜੀ ਵਾਲੇ ਤਬਾਦਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮਾਲ ਰਿਕਾਰਡ ਵਿੱਚ ਹੇਰਾਫ਼ੇਰੀ ਕਰਕੇ MLA ਦੇ ਰਿਸ਼ਤੇਦਾਰਾਂ ਦੇ ਨਾਂ 'ਤੇ ਜਾਇਦਾਦ ਬਣਾਉਣ ਦਾ ED ਨੂੰ ਸ਼ੱਕ
ਈ.ਡੀ. ਨੂੰ ਸ਼ੱਕ ਹੈ ਕਿ ਮਾਲ ਰਿਕਾਰਡ ਵਿੱਚ ਕਥਿਤ ਹੇਰਾਫੇਰੀ ਅਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਇਹ ਜਾਇਦਾਦਾਂ ਵਿਧਾਇਕ ਦੇ ਰਿਸ਼ਤੇਦਾਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਨਾਂ 'ਤੇ ਹਾਸਲ ਜਾਂ ਤਬਦੀਲ ਕੀਤੀਆਂ ਗਈਆਂ। ਦੂਜੇ ਪਾਸੇ ਵਿਧਾਇਕਾ ਦਾਅਵਾ ਕਰ ਚੁੱਕੀ ਹੈ ਕਿ ਈ.ਡੀ. ਨੂੰ ਕੁਝ ਨਹੀਂ ਮਿਲਿਆ ਅਤੇ ਭਾਜਪਾ 'ਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
MLA ਅਰੋੜਾ ਨੇ ਕਿਹਾ ਸੀ - ED ਦੀ ਜਾਂਚ ਵਿੱਚ ਕੁੱਝ ਨਹੀਂ ਮਿਲਿਆ
ਵਿਧਾਇਕਾ ਨੂੰ ਸੰਮਨ ਜਾਰੀ ਕਰਨ ਦੀ ਇਹ ਕਾਰਵਾਈ ਈਡੀ ਵੱਲੋਂ ਸੱਤ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਲਗਾਤਾਰ 36 ਘੰਟਿਆਂ ਦੀ ਛਾਪੇਮਾਰੀ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਹਾਲਾਂਕਿ MLA ਅਰੋੜਾ ਨੇ ਇਸ ਜਾਂਚ ਤੋਂ ਬਾਅਦ ਮੀਡੀਆ ਸਾਹਮਣੇ ਕਿਹਾ ਸੀ ਕਿ ED ਦੀ ਜਾਂਚ ਵਿੱਚ ਹੁਣ ਤੱਕ ਕੁੱਝ ਵੀ ਨਹੀਂ ਮਿਲਿਆ। MLA ਅਰੋੜਾ ਨੇ ਇਸ ਗੱਲ ਦਾ ਦਾਅਵਾ ਵੀ ਕੀਤਾ ਸੀ ਕਿ ਉਨ੍ਹਾਂ ਨੂੰ BJP 'ਚ ਸ਼ਾਮਲ ਹੋਣ ਦਾ ਲਾਲਚ ਦਿੱਤਾ ਗਿਆ ਅਤੇ ਫਿਰ ਡਰਾਉਣ ਲਈ ਹੀ ED ਦੀ ਟੀਮ ਉਨ੍ਹਾਂ ਦੇ ਘਰ ਭੇਜਿਆ ਗਈ।


Click it and Unblock the Notifications
