ਪਟਿਆਲਾ-ਸੰਗਰੂਰ ਹਾਈਵੇਅ ’ਤੇ ਵੱਡਾ ਹਾਦਸਾ, ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਪੁਲ ਸਮੇਤ ਹੇਠਾਂ ਡਿੱਗੇ
ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ 'ਤੇ ਭਾਖੜਾ ਨਹਿਰ ਉੱਪਰ ਬਣਿਆ ਇੱਕ ਬੇਲੀ ਪੁਲ ਵੀਰਵਾਰ ਸਵੇਰੇ ਅਚਾਨਕ ਡਿੱਗ ਗਿਆ। ਇਸ ਦੌਰਾਨ ਦੋ ਟਰੱਕ ਹੇਠਾਂ ਡਿੱਗ ਕੇ ਪੁਲ ਦੇ ਮਲਬੇ ਵਿੱਚ ਲਟਕ ਗਏ। ਇਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ।
ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਪਰ ਟਰੱਕਾਂ ਦੇ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਤੜਕਸਾਰ ਪਿੰਡ ਪਸਿਆਣਾ ਨੇੜੇ ਉਸ ਸਮੇਂ ਵਾਪਰੀ ਜਦੋਂ ਦੋ ਟਰੱਕ ਪੁਲ ਤੋਂ ਲੰਘ ਰਹੇ ਸਨ। ਇਹ ਟਰੱਕ ਰੇਤ ਨਾਲ ਭਰੇ ਹੋਏ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਪੁਲ ਜ਼ਿਆਦਾ ਭਾਰ ਕਾਰਨ ਡਿੱਗਿਆ ਹੈ-ਜੋ ਸ਼ਾਇਦ ਪੁਲ ਤੋਂ ਲੰਘਣ ਦੀ ਨਿਰਧਾਰਤ ਸੀਮਾ ਤੋਂ ਵੱਧ ਸੀ।

ਪੁੱਲ ਡਿੱਗਣ ਦੇ ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਵੱਲੋਂ ਲਗਾਇਆ ਜਾਵੇਗਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਛੇ ਵਜੇ ਜਦੋਂ ਇਸ ਪੁਲ ਤੋਂ ਤਿੰਨ ਗੱਡੀਆਂ ਲੰਘ ਰਹੀਆਂ ਸਨ ਤਾਂ ਜਦੋਂ ਇਕ ਗੱਡੀ ਦਾ ਅੱਧਾ ਹਿੱਸਾ ਅਜੇ ਪੁਲ 'ਤੇ ਹੀ ਸੀ ਤਾਂ ਪੁੱਲ ਡਿੱਗ ਟੁੱਟ ਗਿਆ ਪਰੰਤੂ ਉਸ ਟਰੱਕ ਡਰਾਈਵਰ ਨੇ ਭਜਾ ਕੇ ਆਪਣੀ ਗੱਡੀ ਕੱਢ ਦਿੱਤੀ। ਪਰੰਤੂ ਜਿਹੜੀਆਂ ਦੋ ਗੱਡੀਆਂ ਪੁਲ ਦੇ ਉੱਪਰ ਸਨ ਉਹ ਪੁਲ ਦੇ ਨਾਲ ਹੀ ਹੇਠਾਂ ਡਿੱਗ ਗਈਆਂ।
ਪੁੱਲ ਡਿੱਗਣ ਤੋਂ ਬਾਅਦ, ਦੋਵੇਂ ਟਰੱਕ ਟੁੱਟੇ ਹੋਏ ਢਾਂਚੇ ਵਿੱਚ ਫਸ ਗਏ ਅਤੇ ਨਹਿਰ ਦੇ ਉੱਪਰ ਲਟਕਦੇ ਰਹੇ, ਜਦਕਿ ਭਾਖੜਾ ਨਹਿਰ ਦਾ ਪਾਣੀ ਡਿੱਗੇ ਹੋਏ ਪੁਲ ਦੇ ਉੱਪਰੋਂ ਵਹਿ ਰਿਹਾ ਸੀ। ਇੱਕ ਟਰੱਕ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ, ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ ਸਥਿਤੀ ਨੂੰ ਸੰਭਾਲਣ ਅਤੇ ਰਾਹਤ ਤੇ ਬਚਾਅ ਕਾਰਜ ਚਲਾਉਣ ਲਈ ਮੌਕੇ 'ਤੇ ਪਹੁੰਚ ਗਈਆਂ।
ਮੁਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਅੱਗ ਟਰੱਕ ਦੀਆਂ ਹੀ ਤਾਰਾਂ ਸ਼ਾਰਟ ਹੋਣ ਕਰਨ ਲੱਗੀ। ਇਸ ਦੌਰਾਨ ਇੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਪੁਲੀਸ ਨੇ ਹਸਪਤਾਲ ਦਾਖਲ ਕਰਾਇਆ ਹੈ ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਪ੍ਰਭਾਵਿਤ ਹਾਈਵੇਅ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਮੋੜ (ਡਾਇਵਰਟ) ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਇਹ ਕੌਮੀ ਮਾਰਗ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਹ ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ-ਜਿਸ ਕਾਰਨ ਕਰੀਬ 10 ਸਾਲਾਂ ਬਾਅਦ ਹੀ ਇਸ ਦੇ ਡਿੱਗਣ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸੇ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਵਾਜਪੁਰ, ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਦੀ ਅਗਵਾਈ ਵਿੱਚ ਘਟਨਾ ਸਥਾਨ ਤੇ ਪੁੱਜੇ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਪੁਲ ਦੇ ਡਿੱਗਣ ਨਾਲ ਭਾਖੜਾ ਦੇ ਕੰਢੇ ਨੁਕਸਾਨੇ ਗਏ ਹਨ। ਜਿਸ ਕਾਰਨ ਪ੍ਰਸ਼ਾਸਨ ਨੂੰ ਤੁਰੰਤ ਇਹਨਾਂ ਕੰਢੇਆਂ ਨੂੰ ਮਜਬੂਤ ਕਰਨਾ ਚਾਹੀਦਾ ਹੈ ਤਾਂ ਜੋ ਭਾਖੜਾ ਟੁੱਟਣ ਦਾ ਖਤਰਾ ਟਾਲਿਆ ਜਾ ਸਕੇ।


Click it and Unblock the Notifications
