ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੈਂਬਰ ਕਾਬੂ, 7 ਪਿਸਤੌਲ ਤੇ 23 ਕਾਰਤੂਸ ਵੀ ਬਰਾਮਦ
ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਕਥਿਤ ਸਰਗਰਮ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 7 ਪਿਸਤੌਲਾਂ ਅਤੇ 23 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਤੋਂ ਗੈਰਕਾਨੂੰਨੀ ਹਥਿਆਰ ਲਿਆ ਕੇ ਅਪਰਾਧ ਕਰਨ ਵਾਲਿਆ ਨੂੰ ਵੇਚਦੇ ਹਨ।
ਦੋਵਾਂ ਨੂੰ 28 ਸਤੰਬਰ ਨੂੰ ਸਾਧੂ ਬੇਲਾ ਰੋਡ ਤੋਂ ਕਾਬੂ ਕੀਤਾ ਗਿਆ। ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਪ੍ਰੈਸਕਾਨਫਰੰਸ ਦੌਰਾਨ ਦੱਸਿਆ ਕਿ ਚੱਲ ਰਹੀ 'ਗੈਂਗਸਟਰਾਂ ਖ਼ਿਲਾਫ਼ ਜੰਗ' ਮੁਹਿੰਮ ਤਹਿਤ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਆਈਏ ਪਟਿਆਲਾ ਦੀ ਟੀਮ ਨੇ ਇਹ ਕਾਰਵਾਈ ਕੀਤੀ।

ਮੁਲਜ਼ਮਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਫੌਜੀ ਵਾਸੀ ਪਿੰਡ ਦੌਣ ਕਲਾਂ ਅਤੇ ਰਾਹੁਲ ਉਰਫ਼ ਦਾਨਾ ਵਾਸੀ ਹਰੀਦਾਸ ਕਲੋਨੀ, ਨਾਭਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਤੇਜਿੰਦਰ ਕੋਲੋਂ 6 32 ਬੋਰ ਪਿਸਤੌਲ ਅਤੇ 19 ਕਾਰਤੂਸ, ਜਦਕਿ ਇਕ 30 ਬੋਰ ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਤੇਜਿੰਦਰ ਸਿੰਘ ਫੌਜੀ ਪਹਿਲਾਂ ਭਾਰਤੀ ਫ਼ੌਜ ਦੀ 152 ਸਿੱਖ ਰੈਜੀਮੈਂਟ ਵਿੱਚ ਸਿਪਾਹੀ ਸੀ ਅਤੇ ਉਸ ਨੂੰ ਬਰਖ਼ਾਸਤ ਕੀਤਾ ਜਾ ਚੁੱਕਾ ਹੈ। ਉਸ ਖ਼ਿਲਾਫ਼ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਗੰਭੀਰ ਅਪਰਾਧਾਂ ਸਬੰਧੀ 10 ਕੇਸ ਦਰਜ ਹਨ।
ਪੁਲਿਸ ਨੇ ਦੱਸਿਆ ਕਿ ਅਪ੍ਰੈਲ 2022 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਦੇ ਕਤਲ ਦੇ ਮਾਮਲੇ ਵਿੱਚ ਵੀ ਉਹ ਨਾਮਜ਼ਦ ਹੈ ਅਤੇ ਮਈ 2026 ਵਿੱਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਅਨੁਸਾਰ ਮੁਲਜ਼ਮ ਦੇ ਵਿਦੇਸ਼ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਗੈਂਗ ਦੇ ਫਰਾਰ ਮੈਂਬਰਾਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਬਰਾਮਦ ਹਥਿਆਰਾਂ ਬਾਰੇ ਦੋਵਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।


Click it and Unblock the Notifications
