ਜਲੰਧਰ ਪਹੁੰਚੇ Amit Shah ਨੇ ਕਰ'ਤਾ ਵੱਡਾ ਐਲਾਨ, 2027 ਲਈ BJP ਦਾ ਮੁੱਦਾ ਹੋਵੇਗਾ ‘ਨਸ਼ਾ ਮੁਕਤ ਪੰਜਾਬ’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਪਰਾਗਪੁਰ ਵਿਖੇ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਤਹਿਤ ਕਰਵਾਈ ਗਈ ਮਹਾਰੈਲੀ ਨੂੰ ਸੰਬੋਧਨ ਕੀਤਾ। ਰੈਲੀ ਤੋਂ ਪਹਿਲਾਂ ਅਮਿਤ ਸ਼ਾਹ ਨੇ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਨਸ਼ਾ ਮੁਕਤੀ ਦੀ ਗੱਲ ਕੀਤੀ।
ਰੈਲੀ ਵਾਲੀ ਥਾਂ 'ਤੇ ਪਹੁੰਚ ਕੇ ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਨਸ਼ਾ ਮੁਕਤ ਪੰਜਾਬ' ਦੇ ਨਾਂਅ 'ਤੇ ਲੜੇਗੀ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਾਅਦਾ ਕਰਕੇ ਜਾ ਰਹੇ ਹਨ ਕਿ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਨੂੰ ਚਿੱਟੇ ਤੋਂ ਮੁਕਤ ਕਰ ਦਿੱਤਾ ਜਾਵੇਗਾ।

ਅਮਿਤ ਸ਼ਾਹ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਮਹਾਨ ਗੁਰੂਆਂ ਦੀ ਧਰਤੀ ਨੂੰ ਪ੍ਰਣਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਆਉਣਾ ਉਨ੍ਹਾਂ ਲਈ ਪਹਿਲਾਂ ਹੀ ਸੌਭਾਗ ਦੀ ਗੱਲ ਹੈ। ਅਮਿਤ ਸ਼ਾਹ ਨੇ ਇਸ ਦੌਰਾਨ ਰਵਨੀਤ ਬਿੱਟੂ ਦਾ ਨਾਂਅ ਲੈ ਕੇ ਉਨ੍ਹਾਂ ਨੂੰ ਆਪਣਾ ਦੋਸਤ ਦੱਸਿਆ।
ਅਮਿਤ ਸ਼ਾਹ ਨੇ ਕਿਹਾ, "ਭਾਜਪਾ ਨੂੰ ਵੋਟ ਕਰੋ, ਕਮਲ ਦੇ ਫੁੱਲ 'ਤੇ ਮੋਹਰ ਲਗਾਓ।" ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਵੋਟ ਪਾ ਕੇ ਦੇਖ ਲਿਆ ਹੈ, ਇਸ ਵਾਰ BJP ਨੂੰ ਮੌਕਾ ਦੇ ਕੇ ਦੇਖੋ। ਅਮਿਤ ਸ਼ਾਹ ਨੇ ਕਿਹਾ ਕਿ "ਅਸੀਂ ਪੰਜਾਬ ਨੂੰ ਬਦਲ ਦੇਵਾਂਗੇ।"
ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ
ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ ਮਿਲਣ ਦੀ ਜਾਣਕਾਰੀ ਵੀ ਸਾਹਮਣੇ ਆਈ। ਰਿਪੋਰਟਾਂ ਮੁਤਾਬਕ ਕੈਂਬ੍ਰਿਜ ਸਕੂਲ ਨੂੰ ਭੇਜੇ ਗਏ ਇੱਕ ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਰੈਲੀ ਦੇ ਸਟੇਜ ਹੇਠਾਂ IED ਰੱਖਿਆ ਗਿਆ ਹੈ। ਪੁਲਿਸ ਮੁਤਾਬਕ ਸਵੇਰੇ 7:07 ਵਜੇ ਭੇਜੇ ਗਏ ਈ-ਮੇਲ ਵਿੱਚ ਸ਼ਹਿਰ ਦੇ ਸਕੂਲਾਂ, ਸ਼੍ਰੀ ਦੇਵੀ ਤਲਾਬ ਮੰਦਰ ਅਤੇ ਬੱਸਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ।


Click it and Unblock the Notifications
