ਉੱਜੈਨ 'ਚ ਮਸਜਿਦ ਦਾ ਹਿੱਸਾ ਢਾਹੁਣ ਨੂੰ ਲੈ ਕੇ ਭਖਿਆ ਮਾਹੌਲ, ਪੁਲਿਸ ਨੇ ਛੱਡੇ ਅਥਰੂ ਗੈਸ ਦੇ ਗੋਲ਼ੇ
ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਸੜਕ ਚੌੜੀ ਕਰਨ ਲਈ ਸ਼ਾਹੀ ਮਸਜਿਦ ਦਾ ਇੱਕ ਹਿੱਸਾ ਢਾਹੁਣ ਨੂੰ ਲੈ ਕੇ ਸੋਮਵਾਰ ਸਵੇਰੇ ਹੰਗਾਮਾ ਹੋ ਗਿਆ। ਇਸ ਦੌਰਾਨ ਪੁਲਿਸ 'ਤੇ ਪਥਰਾਅ ਕੀਤਾ ਗਿਆ ਅਤੇ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਘਟਨਾ ਵਿੱਚ ਇੱਕ ਥਾਣਾ ਇੰਚਾਰਜ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਖੁਦ ਹੀ ਮਸਜਿਦ ਦਾ ਹਿੱਸਾ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਮਸਜਿਦ ਦਾ ਕਰੀਬ 9 ਫੁੱਟ ਲੰਬਾ ਅਤੇ 4 ਫੁੱਟ ਚੌੜਾ ਹਿੱਸਾ ਹਟਾਇਆ ਜਾਣਾ ਹੈ। ਇਸ ਮਾਮਲੇ 'ਤੇ ਸੋਮਵਾਰ ਨੂੰ ਹੀ ਮੱਧ ਪ੍ਰਦੇਸ਼ ਹਾਈਕੋਰਟ ਦੀ ਇੰਦੌਰ ਬੈਂਚ ਵਿੱਚ ਸੁਣਵਾਈ ਹੋਣੀ ਹੈ।

ਕੀ ਹੈ ਪੂਰਾ ਮਾਮਲਾ ?
ਦਰਅਸਲ, ਮੱਧ ਪ੍ਰਦੇਸ਼ ਦੇ ਉੱਜੈਨ ਵਿੱਚ ਸੜਕ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਸ਼ਾਹੀ ਮਸਜਿਦ ਦਾ ਇੱਕ ਹਿੱਸਾ ਹਟਾਉਣ ਦੀ ਯੋਜਨਾ ਹੈ। ਇਹ ਮਸਜ਼ਿਦ ਚੁਰਾਹੇ 'ਤੇ ਬਣੀ ਹੋਈ ਹੈ ਇਸੀ ਕਰਕੇ ਇਸਦਾ ਵਾਧੂ ਹਿੱਸਾ ਢਾਇਆ ਜਾਣਾ ਹੈ। ਕਾਂਠਾਲ ਚੌਕ ਤੋਂ ਗੋਪਾਲ ਮੰਦਰ ਤੱਕ ਸੜਕ ਚੌੜੀ ਕਰਨ ਲਈ ਸ਼ਾਹੀ ਮਸਜਿਦ ਦਾ ਕਰੀਬ 10 ਫੁੱਟ ਹਿੱਸਾ ਹਟਾਇਆ ਜਾਣਾ ਹੈ।
ਸੋਮਵਾਰ ਸਵੇਰੇ ਪ੍ਰਸ਼ਾਸਨ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਚਾਲੇ ਗੱਲਬਾਤ ਤੋਂ ਬਾਅਦ ਭਾਈਚਾਰੇ ਦੇ ਲੋਕ ਖੁਦ ਹੀ ਰਸਤੇ ਵਿੱਚ ਆ ਰਹੇ ਹਿੱਸੇ ਨੂੰ ਹਟਾਉਣ ਲਈ ਪਹੁੰਚੇ ਸਨ। ਇਸੀ ਦੌਰਾਨ ਨਾਅਰੇਬਾਜ਼ੀ ਹੋਈ ਅਤੇ ਕੁਝ ਲੋਕਾਂ ਨੇ ਕਾਰਵਾਈ ਦਾ ਵਿਰੋਧ ਵੀ ਕੀਤਾ। ਜਿਸਤੋਂ ਬਾਅਦ ਮਾਹੌਲ ਭੜਕ ਗਿਆ। ਪੁਲਿਸ ਨੇ ਹੁਣ ਇਲਾਕੇ 'ਚ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ 10 ਲੋਕਾਂ 'ਤੇ FIR ਵੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ 5 ਸੋਸ਼ਲ ਮੀਡੀਆ ਇੰਫਲੂਐਂਸਰ ਦੱਸੇ ਜਾ ਰਹੇ ਹਨ ਜਿਨ੍ਹਾਂ 'ਤੇ ਇਸ ਮਾਮਲੇ ਨੂੰ ਭੜਕਾਉਣ ਦਾ ਦੋਸ਼ ਲੱਗਾ ਹੈ। ਹਾਲਾਂਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਮੌਕੇ 'ਤੇ IG ਰਾਕੇਸ਼ ਗੁਪਤਾ, ਕਮਿਸ਼ਨਰ ਆਸ਼ੀਸ਼ ਸਿੰਘ, DIG ਨਵਨੀਤ ਭਾਸੇਨ, ਕਲੈਕਟਰ ਰੋਸ਼ਨ ਕੁਮਾਰ ਸਿੰਘ ਅਤੇ SP ਪ੍ਰਦੀਪ ਸ਼ਰਮਾ ਵੀ ਪਹੁੰਚੇ। ਪੂਰੇ ਇਲਾਕੇ ਵਿੱਚ ਫਿਲਹਾਲ ਤਣਾਅ ਦੀ ਸਥਿਤੀ ਬਣੀ ਹੋਈ ਹੈ।


Click it and Unblock the Notifications
