ਗੁਜਰਾਤ ’ਚ ਸਜੀ ਸਿਤਾਰਿਆਂ ਦੀ ਮਹਿਫ਼ਲ, 72ਵੇਂ ਨੈਸ਼ਨਲ ਫਿਲਮ ਐਵਾਰਡ ਸੈਰੇਮਨੀ ਕੁੱਝ ਹੀ ਦੇਰ 'ਚ ਹੋਵੇਗੀ ਸ਼ੁਰੂ
72ਵੇਂ ਨੈਸ਼ਨਲ ਫਿਲਮ ਐਵਾਰਡ ਦੀ ਸੈਰੇਮਨੀ ਅੱਜ ਗੁਜਰਾਤ ਦੇ ਕੇਵੜੀਆ ਵਿੱਚ ਕਰਵਾਈ ਜਾ ਰਹੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਨੈਸ਼ਨਲ ਫਿਲਮ ਐਵਾਰਡ ਦੀ ਸੈਰੇਮਨੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੀ ਬਜਾਏ ਸਟੈਚੂ ਆਫ ਯੂਨਿਟੀ ਨੇੜੇ ਆਯੋਜਿਤ ਕੀਤੀ ਜਾ ਰਹੀ ਹੈ।
ਸਮਾਰੋਹ ਕੁਝ ਹੀ ਸਮੇਂ ਵਿੱਚ ਸ਼ੁਰੂ ਹੋਵੇਗਾ। ਐਵਾਰਡ ਜੇਤੂਆਂ ਦਾ ਐਲਾਨ ਪਹਿਲਾਂ ਹੀ 18 ਜੁਲਾਈ ਨੂੰ ਕੀਤਾ ਜਾ ਚੁੱਕਾ ਹੈ। ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੇਤੂਆਂ ਨੂੰ ਐਵਾਰਡ ਪ੍ਰਦਾਨ ਕਰਨਗੇ।

ਅਦਾਕਾਰ ਕਾਰਤਿਕ ਆਰਯਨ ਸੋਮਵਾਰ ਨੂੰ ਸੈਰੇਮਨੀ ਵਿੱਚ ਸ਼ਾਮਲ ਹੋਣ ਲਈ ਗੁਜਰਾਤ ਪਹੁੰਚ ਗਏ ਸਨ। ਉਹ ਸਟੈਚੂ ਆਫ ਯੂਨਿਟੀ ਵੀ ਗਏ। ਕਾਰਤਿਕ ਆਰਯਨ ਨੂੰ ਫਿਲਮ 'ਚੰਦੂ ਚੈਂਪੀਅਨ' ਲਈ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਮਿਲਿਆ ਹੈ। ਉਨ੍ਹਾਂ ਦੇ ਨਾਲ ਮਲਿਆਲਮ ਸਿਨੇਮਾ ਦੇ ਦਿੱਗਜ ਅਦਾਕਾਰ ਮਮੂਟੀ ਨੂੰ ਫਿਲਮ 'ਬ੍ਰਹਮਯੁਗਮ' ਲਈ ਬੈਸਟ ਐਕਟਰ ਦਾ ਐਵਾਰਡ ਦਿੱਤਾ ਜਾਵੇਗਾ।
ਬੈਸਟ ਐਕਟ੍ਰੈੱਸ ਦਾ ਐਵਾਰਡ ਯਾਮੀ ਗੌਤਮ ਨੂੰ ਫਿਲਮ 'ਆਰਟੀਕਲ 370' ਲਈ ਮਿਲੇਗਾ। ਇਸ ਤੋਂ ਇਲਾਵਾ 'ਸ਼੍ਰੀਕਾਂਤ' ਨੂੰ ਬੈਸਟ ਹਿੰਦੀ ਫਿਲਮ ਅਤੇ 'ਆਰਟੀਕਲ 370' ਨੂੰ ਬੈਸਟ ਫੀਚਰ ਫਿਲਮ ਦਾ ਐਵਾਰਡ ਮਿਲਿਆ ਹੈ।
ਫਿਲਮ ਅਤੇ ਟੂਰਿਜ਼ਮ ਨੂੰ ਜੋੜਨ ਦੀ ਪਹਿਲ
ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਨਾਲ ਨੈਸ਼ਨਲ ਫਿਲਮ ਐਵਾਰਡ ਨੂੰ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਤੱਕ ਲੈ ਜਾਣ ਦੀ ਨਵੀਂ ਪਹਿਲ ਕੀਤੀ ਗਈ ਹੈ। ਇਸ ਦਾ ਮਕਸਦ ਫਿਲਮ ਅਤੇ ਟੂਰਿਜ਼ਮ ਨੂੰ ਇੱਕ-ਦੂਜੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸੂਬੇ ਆਪਣੇ ਸਭ ਤੋਂ ਵਧੀਆ ਸੈਰ-ਸਪਾਟਾ ਸਥਾਨਾਂ ਦੇ ਪ੍ਰਸਤਾਵ ਭੇਜਣ। ਚੁਣੇ ਗਏ ਸੂਬੇ ਦੇ ਕਿਸੇ ਟੂਰਿਸਟ ਡੈਸਟਿਨੇਸ਼ਨ 'ਤੇ ਅਗਲਾ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਕਰਵਾਇਆ ਜਾ ਸਕਦਾ ਹੈ।
ਅਨੰਤ ਨਾਗ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ
72ਵੇਂ ਨੈਸ਼ਨਲ ਫਿਲਮ ਐਵਾਰਡ ਸਮਾਰੋਹ ਵਿੱਚ ਦਿੱਗਜ ਅਦਾਕਾਰ ਅਨੰਤ ਨਾਗ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੈਰੇਮਨੀ ਕੁੱਝ ਹੀ ਸਮੇਂ 'ਚ ਸ਼ੁਰੂ ਹੋਣ ਵਾਲੀ ਹੈ । ਇਸ ਤੋਂ ਪਹਿਲਾਂ ਫਿਲਮੀ ਸਿਤਾਰਿਆਂ ਨੇ ਰੈੱਡ ਕਾਰਪੇਟ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮੌਜੂਦਗੀ ਵਿੱਚ ਲਗਭਗ 75 ਮਿੰਟ ਦੇ ਮੁੱਖ ਪ੍ਰੋਟੋਕੋਲ ਸੈਸ਼ਨ ਦੌਰਾਨ ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਐਵਾਰਡ ਅਤੇ ਸਨਮਾਨ ਪੱਤਰ ਪ੍ਰਦਾਨ ਕੀਤੇ ਜਾਣਗੇ।


Click it and Unblock the Notifications
