ਟਾਂਡਾ ਦੇ ਨੌਜਵਾਨ ਨਾਲ ਕੈਨੇਡਾ 'ਚ ਦਰਦਨਾਕ ਹਾਦਸਾ! ਅੱਗ 'ਚ ਸੜੀ ਪੰਜਾਬੀ ਨੌਜਵਾਨ ਦੀ ਕਾਰ, ਨਹੀਂ ਬਚ ਸਕਿਆ ਬ੍ਰਹਮਜੋਤ
ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਉਸ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਹ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਮ੍ਰਿਤਕ ਦੀ ਪਛਾਣ ਹੋਸ਼ਿਆਰਪੁਰ ਦੇ ਟਾਂਡਾ ਵਾਸੀ ਬ੍ਰਹਮਜੋਤ ਸਿੰਘ ਵਜੋਂ ਹੋਈ ਹੈ। ਉਹ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ।
ਜਾਣਕਾਰੀ ਮੁਤਾਬਕ ਇਹ ਹਾਦਸਾ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਦੱਖਣ-ਪੱਛਮੀ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਕਰੀਬ 1 ਵਜੇ ਵਾਪਰਿਆ। ਬ੍ਰਹਮਜੋਤ ਸਿੰਘ ਆਪਣੀ ਹੌਂਡਾ CR-V ਵਿੱਚ ਓਲਡ ਰਿਚਮੰਡ ਰੋਡ 'ਤੇ ਜਾ ਰਿਹਾ ਸੀ, ਜਦੋਂ ਉਸ ਦੀ ਕਾਰ ਦੀ ਦੂਜੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਇੱਕ-ਦੂਜੇ ਤੋਂ ਕਰੀਬ 25 ਫੁੱਟ ਦੂਰ ਜਾ ਡਿੱਗੀਆਂ। ਇਸ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ।

ਅੱਗ ਇੰਨੀ ਭਿਆਨਕ ਕਿ ਫਾਇਰ ਕਰਮਚਾਰੀ ਵੀ ਨੇੜੇ ਨਾ ਜਾ ਸਕੇ
ਓਟਾਵਾ ਫਾਇਰ ਸਰਵਿਸਿਜ਼ ਅਤੇ ਪੁਲਿਸ ਮੁਤਾਬਕ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਸ਼ੁਰੂ ਵਿੱਚ ਫਾਇਰ ਕਰਮਚਾਰੀਆਂ ਲਈ ਕਾਰਾਂ ਦੇ ਨੇੜੇ ਜਾਣਾ ਵੀ ਮੁਸ਼ਕਲ ਹੋ ਗਿਆ। ਕਾਫ਼ੀ ਮਿਹਨਤ ਤੋਂ ਬਾਅਦ ਜਦੋਂ ਅੱਗ 'ਤੇ ਕਾਬੂ ਪਾਇਆ ਗਿਆ ਤਾਂ ਫਾਇਰ ਕਰਮਚਾਰੀਆਂ ਨੂੰ ਹੌਂਡਾ ਦੀ ਅਗਲੀ ਸੀਟ 'ਤੇ ਬ੍ਰਹਮਜੋਤ ਸਿੰਘ ਦਾ ਜਲਿਆ ਹੋਇਆ ਸਰੀਰ ਮਿਲਿਆ। ਕਾਰ ਵਿੱਚ ਉਸ ਤੋਂ ਇਲਾਵਾ ਹੋਰ ਕੋਈ ਸਵਾਰ ਨਹੀਂ ਸੀ। ਪੈਰਾਮੈਡਿਕਸ ਨੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ।ਦੂਜੀ ਕਾਰ ਦੇ ਡਰਾਈਵਰ ਨੂੰ ਰੈਸਕਿਊ ਕਰ ਲਿਆ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਬ੍ਰਹਮਜੋਤ ਦੀ ਮੌਤ ਦੀ ਖ਼ਬਰ ਟਾਂਡਾ ਪਹੁੰਚਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਾਦਸਾ ਕਿਸ ਦੀ ਲਾਪਰਵਾਹੀ ਕਾਰਨ ਵਾਪਰਿਆ। ਸਥਾਨਕ ਲੋਕਾਂ ਨੇ ਸੜਕ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸਾਲ ਦੇ ਅੰਦਰ ਇਸ ਸੜਕ 'ਤੇ ਇਹ ਦੂਜਾ ਵੱਡਾ ਹਾਦਸਾ ਹੈ। ਲੋਕਾਂ ਨੇ ਸੜਕ ਨੂੰ ਠੀਕ ਕਰਵਾਉਣ ਅਤੇ ਸੁਰੱਖਿਆ ਪ੍ਰਬੰਧ ਵਧਾਉਣ ਲਈ ਅਦਾਲਤ ਦਾ ਰੁਖ ਕਰਨ ਦੀ ਗੱਲ ਵੀ ਕਹੀ ਹੈ।


Click it and Unblock the Notifications
