CEC ਗਿਆਨੇਸ਼ ਕੁਮਾਰ ਖ਼ਿਲਾਫ਼ ਕਾਂਗਰਸ ਦਾ ਹੱਲਾ-ਬੋਲ, ਚੰਡੀਗੜ੍ਹ 'ਚ ਜ਼ੋਰਦਾਰ ਪ੍ਰਦਰਸ਼ਨ, ਅਹੁਦੇ ਤੋਂ ਹਟਾਏ ਜਾਣ ਦੀ ਮੰਗ
ਪੰਜਾਬ ਕਾਂਗਰਸ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਅੱਜ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਵਧ ਰਹੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕਈ ਪੱਧਰ 'ਤੇ ਬੇਰੀਕੇਡਿੰਗ ਕੀਤੀ ਹੋਈ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੇ ਮੁਖ ਚੋਣ ਦਫ਼ਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ।

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਵਿੱਚ ਕੱਢੇ ਗਏ ਇਸ ਰੋਸ ਮਾਰਚ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਨਹੀਂ ਹੋਏ। ਹਾਲਾਂਕਿ, ਡਾ. ਰਾਜਕੁਮਾਰ ਵੇਰਕਾ, ਪਰਗਟ ਸਿੰਘ ਸਮੇਤ ਕੁਝ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਇਸ ਵਿੱਚ ਸ਼ਾਮਲ ਹੋਏ। ਕਾਂਗਰਸੀ ਵਰਕਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਵਧ ਰਹੇ ਸਨ।
ਕਾਂਗਰਸ ਦੀ ਮੰਗ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਜਾਵੇ, ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਪਾਰਟੀ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸੋਧ (ਐੱਸਆਈਆਰ) ਨੂੰ ਲੈ ਕੇ ਵੀ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ।
ਦੱਸ ਦਈਏ ਕਿ ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ CEC ਗਿਆਨੇਸ਼ ਕੁਮਾਰ ਨੇ ਇਕੱਲਿਆਂ ਕਈ ਫ਼ੈਸਲੇ ਲਏ ਜਿਨ੍ਹਾਂ ਦਾ ਬਾਕੀ 2 ਚੋਣ ਅਧਿਕਾਰੀਆਂ ਵੱਲੋਂ ਵਿਰੋਧ ਕੀਤਾ ਗਿਆ ਪਰ ਗਿਆਨੇਸ਼ ਕੁਮਾਰ ਨੇ ਆਪਣੇ ਫ਼ੈਸਲਿਆਂ ਰਾਹੀਂ BJP ਨੂੰ ਫਾਇਦਾ ਪਹੁੰਚਾਇਆ।
ਇਸ ਮਾਮਲੇ ਨੂੰ ਲੈ ਕੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਬੀਤੇ ਦਿਨੀਂ ਪ੍ਰੈਸ ਕਾਨਫ਼ਰੰਸ ਕੀਤੀ ਸੀ ਅਤੇ ਕਾਕਰੋਚ ਜਨਤਾ ਪਾਰਟੀ ਵੀ ਗਿਆਨੇਸ਼ ਕੁਮਾਰ ਨੂੰ ਅਸਤੀਫ਼ੇ ਲਈ 48 ਘੰਟੇ ਦਾ ਅਲਟੀਮੇਟਮ ਦੇ ਚੁੱਕੀ ਹੈ।


Click it and Unblock the Notifications
