ਈਰਾਨ 'ਤੇ ਮੁੜ ਹਮਲੇ ਕਰੇਗਾ ਅਮਰੀਕਾ! ਟਰੰਪ ਦਾ ਵੱਡਾ ਦਾਅਵਾ, ਕਿਹਾ- ਜਲਦ ਜਿੱਤਾਂਗੇ ਜੰਗ
ਅਮਰੀਕਾ-ਈਰਾਨ ਜੰਗ ਫਿਰ ਸ਼ੁਰੂ ਹੋ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਚੱਲ ਰਹੀ ਜੰਗ ਨੂੰ ਅਮਰੀਕਾ ਬਹੁਤ ਜਲਦ ਜਿੱਤ ਲਵੇਗਾ। ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਜੰਗ ਖ਼ਤਮ ਹੁੰਦੇ ਹੀ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆ ਸਕਦੀ ਹੈ।
ਟਰੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਅਮਰੀਕਾ ਦਾ ਮੁੱਖ ਟੀਚਾ ਹੈ। ਗੱਲਬਾਤ ਦੌਰਾਨ ਟਰੰਪ ਤੋਂ ਪੁੱਛਿਆ ਗਿਆ ਕਿ, ਕੀ ਅਮਰੀਕਾ ਵਿੱਚ ਮਿਡਟਰਮ ਚੋਣਾਂ ਤੋਂ ਪਹਿਲਾਂ ਈਰਾਨ ਖ਼ਿਲਾਫ਼ ਮੁੜ ਫੌਜੀ ਹਮਲੇ ਸ਼ੁਰੂ ਹੋ ਸਕਦੇ ਹਨ? ਇਸ ਦੇ ਜਵਾਬ ਵਿੱਚ ਟਰੰਪ ਨੇ ਜੰਗ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਟਰੰਪ ਨੇ ਕਿਹਾ ਕਿ ਅਮਰੀਕਾ, ਈਰਾਨ 'ਤੇ ਫੌਜੀ ਕਾਰਵਾਈ ਅਤੇ ਆਰਥਿਕ ਦਬਾਅ, ਦੋਵਾਂ ਤਰੀਕਿਆਂ ਨਾਲ ਦਬਾਅ ਬਣਾ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਫੌਜੀ ਮੋਰਚੇ 'ਤੇ ਅਮਰੀਕਾ ਪਹਿਲਾਂ ਹੀ ਕਾਮਯਾਬ ਹੋ ਚੁੱਕਾ ਹੈ, ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਫੌਜੀ ਕਾਰਵਾਈ ਪੂਰੀ ਤਰ੍ਹਾਂ ਰੁਕ ਗਈ ਹੈ। ਈਰਾਨ ਦੀ ਅਰਥਵਿਵਸਥਾ ਬਾਰੇ ਟਰੰਪ ਨੇ ਦਾਅਵਾ ਕੀਤਾ ਕਿ ਦੇਸ਼ ਦੀ ਕਰੰਸੀ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਮਹਿੰਗਾਈ ਬਹੁਤ ਵਧ ਗਈ ਹੈ। ਉਨ੍ਹਾਂ ਈਰਾਨ ਦੀ ਮਹਿੰਗਾਈ ਦਰ ਕਰੀਬ 300 ਫੀਸਦੀ ਹੋਣ ਦਾ ਦਾਅਵਾ ਵੀ ਕੀਤਾ।
ਈਰਾਨ ਨੇ ਦਿੱਤੀ ਚੇਤਾਵਨੀ- ਕਿਸੇ ਵੀ ਨਵੇਂ ਹਮਲੇ ਦਾ ਜਵਾਬ ਦੇਵਾਂਗੇ
ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ ਜੰਗ ਮੁੜ ਸ਼ੁਰੂ ਹੋਣ ਦੀ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਈਰਾਨ ਕਿਸੇ ਵੀ ਨਵੇਂ ਹਮਲੇ ਦਾ ਮਜ਼ਬੂਤੀ ਨਾਲ ਸਾਹਮਣਾ ਕਰੇਗਾ, ਭਾਵੇਂ ਇਹ ਜੰਗ ਬਹੁਤ ਵਿਨਾਸ਼ਕਾਰੀ ਰੂਪ ਕਿਉਂ ਨਾ ਧਾਰ ਲਵੇ। ਅਰਾਘਚੀ ਨੇ ਕਿਹਾ ਕਿ ਈਰਾਨ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਕਰੇਗਾ।
ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਕੂਟਨੀਤੀ ਦਾ ਰਸਤਾ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਅਤੇ ਸ਼ਾਂਤੀ ਦਾ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੀਦਾ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਵਿੱਚ ਅਮਰੀਕੀ ਮਿਡਟਰਮ ਚੋਣਾਂ ਤੋਂ ਬਾਅਦ ਈਰਾਨ 'ਤੇ ਮੁੜ ਹਮਲੇ ਦੀ ਸੰਭਾਵਨਾ 'ਤੇ ਚਰਚਾ ਹੋਈ ਹੈ। ਇਸੇ ਰਿਪੋਰਟ ਸਬੰਧੀ ਸਵਾਲ 'ਤੇ ਅਰਾਘਚੀ ਨੇ ਕਿਹਾ ਕਿ ਜੰਗ ਮੁੜ ਸ਼ੁਰੂ ਹੋਣ ਲਈ ਈਰਾਨ ਪੂਰੀ ਤਰ੍ਹਾਂ ਤਿਆਰ ਹੈ।


Click it and Unblock the Notifications
