ਹੋਰਮੁਜ਼ ਸੰਕਟ ਵਿਚਾਲੇ ਭਾਰਤ ਦੀ ਵੱਡੀ ਤਿਆਰੀ, UAE ਤੋਂ ਭਾਰਤ ਤੱਕ ਸਮੁੰਦਰ ਹੇਠਾਂ ਆਵੇਗਾ ਤੇਲ-ਗੈਸ!
ਹੋਰਮੁਜ਼ ਸੰਕਟ ਵਿਚਾਲੇ ਭਾਰਤ ਆਪਣੀ ਊਰਜਾ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਨਵੀਂ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਇਸ ਤਹਿਤ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਵਿਚਕਾਰ ਸਮੁੰਦਰ ਹੇਠਾਂ ਤੇਲ ਅਤੇ ਗੈਸ ਪਾਈਪਲਾਈਨ ਵਿਛਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ UAE ਦੇ ਵਿਦੇਸ਼ ਵਪਾਰ ਮੰਤਰੀ ਥਾਨੀ ਬਿਨ ਅਹਿਮਦ ਅਲ ਜ਼ੇਉਦੀ ਨਾਲ ਮੁਲਾਕਾਤ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਦਿੱਤੀ। ਸਰਕਾਰ ਨੇ ਓਮਾਨ-ਯੂਏਈ ਤੋਂ ਭਾਰਤ ਤੱਕ ਸਮੁੰਦਰ ਹੇਠਾਂ ਪਾਈਪਲਾਈਨ ਪ੍ਰਾਜੈਕਟ ਨੂੰ ਤਰਜੀਹ ਵਿੱਚ ਰੱਖਿਆ ਹੈ।

MEIDP ਤਹਿਤ ਬਣ ਸਕਦੀ ਹੈ ਡੀਪ-ਵਾਟਰ ਪਾਈਪਲਾਈਨ
MEIDP (ਮਿਡਲ ਈਸਟ ਟੂ ਇੰਡੀਆ ਡੀਪ-ਵਾਟਰ ਪਾਈਪਲਾਈਨ) ਤਹਿਤ ਪਾਈਪਲਾਈਨ ਓਮਾਨ ਅਤੇ UAE ਦੇ ਤੱਟ ਤੋਂ ਸ਼ੁਰੂ ਹੋ ਕੇ ਅਰਬ ਸਾਗਰ ਦੇ ਹੇਠਾਂ ਤੋਂ ਲੰਘਦੀ ਹੋਈ ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟ ਤੱਕ ਪਹੁੰਚ ਸਕਦੀ ਹੈ। ਜੂਨ ਮਹੀਨੇ ਵਿੱਚ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਨਿੱਜੀ ਪ੍ਰਾਜੈਕਟ ਦੱਸਿਆ ਸੀ। ਸ਼ੁਰੂਆਤ ਵਿੱਚ ਇਸ ਵਿੱਚ ਸਿਰਫ਼ ਗੈਸ ਪਾਈਪਲਾਈਨ ਬਣਾਉਣ ਦੀ ਯੋਜਨਾ ਸੀ, ਪਰ ਹੁਣ ਸਮੁੰਦਰੀ ਰਸਤੇ ਰਾਹੀਂ ਕੱਚਾ ਤੇਲ ਭਾਰਤ ਲਿਆਉਣ ਦੀ ਸੰਭਾਵਨਾ 'ਤੇ ਵੀ ਤਕਨੀਕੀ ਅਧਿਐਨ ਸ਼ੁਰੂ ਕਰ ਦਿੱਤਾ ਗਿਆ ਹੈ।
ਪੈਟਰੋਲੀਅਮ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਸਰਕਾਰੀ ਕੰਪਨੀਆਂ ਇਸ ਪ੍ਰਾਜੈਕਟ ਦੀ ਵਿਸਥਾਰਤ ਰਿਪੋਰਟ ਤਿਆਰ ਕਰ ਰਹੀਆਂ ਹਨ। ਇਸ ਦੌਰਾਨ ਡੂੰਘੇ ਸਮੁੰਦਰ ਵਿੱਚ ਪਾਈਪਲਾਈਨ ਵਿਛਾਉਣ ਦੀ ਤਕਨੀਕ, ਲਾਗਤ, ਸੁਰੱਖਿਆ ਅਤੇ ਹੋਰ ਮਹੱਤਵਪੂਰਨ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ। ਦਰਅਸਲ ਭਾਰਤ ਆਪਣੀ ਲੋੜ ਦਾ ਲਗਭਗ 88 ਫੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਹੋਰਮੁਜ਼ ਵਿੱਚ ਤਣਾਅ ਦੇ ਮੱਦੇਨਜ਼ਰ ਭਾਰਤ ਊਰਜਾ ਸਪਲਾਈ ਲਈ ਵਿਕਲਪਕ ਰਸਤੇ ਤਿਆਰ ਕਰਨਾ ਚਾਹੁੰਦਾ ਹੈ।
ਭਾਰਤ ਵਿੱਚ ਆਉਣ ਵਾਲੀ ਅੱਧ ਤੋਂ ਵੱਧ LPG ਅਤੇ LNG ਵੀ ਕਤਰ ਅਤੇ UAE ਤੋਂ ਇਸੇ ਸਮੁੰਦਰੀ ਰਸਤੇ ਰਾਹੀਂ ਜਹਾਜ਼ਾਂ ਜ਼ਰੀਏ ਆਉਂਦੀ ਹੈ। ਅਜਿਹੇ ਵਿੱਚ ਸਮੁੰਦਰ ਹੇਠਾਂ ਪਾਈਪਲਾਈਨ ਨੂੰ ਊਰਜਾ ਸਪਲਾਈ ਲਈ ਇੱਕ ਵਿਕਲਪਕ ਬੁਨਿਆਦੀ ਢਾਂਚੇ ਵਜੋਂ ਦੇਖਿਆ ਜਾ ਰਿਹਾ ਹੈ।
3 ਕਿਲੋਮੀਟਰ ਪਾਈਪਲਾਈਨ ਦਾ ਹੋ ਚੁੱਕਾ ਹੈ ਟੈਸਟ
ਪ੍ਰਾਜੈਕਟ ਨੂੰ ਵਿਕਸਤ ਕਰਨ ਵਾਲੀ ਸੰਸਥਾ ਸਾਊਥ ਏਸ਼ੀਆ ਗੈਸ ਐਂਟਰਪ੍ਰਾਈਜ਼ ਨੇ ਲਗਭਗ 25 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 3 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾ ਕੇ ਇਸ ਦਾ ਟੈਸਟ ਕੀਤਾ ਹੈ। ਪ੍ਰਾਜੈਕਟ ਨਾਲ ਜੁੜੀਆਂ ਸਾਰੀਆਂ ਤਕਨੀਕੀ ਅਤੇ ਹੋਰ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਪੂਰੀ ਪਾਈਪਲਾਈਨ ਦੇ ਨਿਰਮਾਣ ਵਿੱਚ ਲਗਭਗ 5 ਤੋਂ 7 ਸਾਲ ਲੱਗਣ ਦਾ ਅਨੁਮਾਨ ਹੈ।


Click it and Unblock the Notifications
