ਕਾਸ਼ੀ 'ਚ ਦੇਵ ਦੀਵਾਲੀ ਦਾ ਅਦਭੁੱਤ ਨਜ਼ਾਰਾ! 21 ਲੱਖ ਦੀਵਿਆਂ ਨਾਲ ਜਗਮਗਾਏ ਘਾਟ, 2100 ਡਰੋਨਾਂ ਨੇ ਦਿਖਾਈ ਸ਼ਿਵਲੀਲਾ
ਵਾਰਾਣਸੀ (ਕਾਸ਼ੀ) ਵਿੱਚ ਦੇਵ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ 2100 ਡਰੋਨਾਂ ਦੀ ਮਦਦ ਨਾਲ ਆਸਮਾਨ ਵਿੱਚ ਸ਼ਿਵਲੀਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗਲੇ ਵਿੱਚ ਸੱਪ, ਹੱਥ ਵਿੱਚ ਤ੍ਰਿਸ਼ੂਲ ਅਤੇ ਜਟਾਵਾਂ ਵਿੱਚੋਂ ਨਿਕਲਦੀ ਮਾਂ ਗੰਗਾ ਦੇ ਦ੍ਰਿਸ਼ ਦਿਖਾਏ ਗਏ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ।
ਇਸ ਤੋਂ ਪਹਿਲਾਂ ਨਮੋ ਘਾਟ ਵਿਖੇ ਸੈਰ-ਸਪਾਟਾ ਮੰਤਰੀ ਜੈਵੀਰ ਸਿੰਘ ਨੇ ਪਹਿਲਾ ਦੀਵਾ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਕਾਸ਼ੀ ਦੇ 84 ਘਾਟਾਂ 'ਤੇ ਕਰੀਬ 11 ਲੱਖ ਦੀਵੇ ਜਗਾਏ ਗਏ। ਫਿਰ ਗੰਗਾ ਨਦੀ ਦੇ ਦੂਜੇ ਪਾਸੇ ਆਤਿਸ਼ਬਾਜ਼ੀ ਸ਼ੁਰੂ ਹੋਈ। ਹਾਲਾਂਕਿ, ਪੂਰੀ ਕਾਸ਼ੀ ਵਿੱਚ ਕੁੱਲ 21 ਲੱਖ ਦੀਵੇ ਜਗਾਏ ਗਏ। ਦੇਵ ਦੀਵਾਲੀ ਦੇ ਇਸ ਸ਼ਾਨਦਾਰ ਨਜ਼ਾਰੇ ਨੂੰ ਦੇਖਣ ਲਈ 40 ਦੇਸ਼ਾਂ ਤੋਂ ਮਹਿਮਾਨ ਕਾਸ਼ੀ ਪਹੁੰਚੇ।

ਇਸ ਮੌਕੇ ਕੁੱਲ 15 ਲੱਖ ਸੈਲਾਨੀਆਂ ਨੇ ਸ਼ਿਰਕਤ ਕੀਤੀ। ਕਾਸ਼ੀ ਵਿਸ਼ਵਨਾਥ ਮੰਦਰ ਤੋਂ ਲੈ ਕੇ ਨਮੋ ਘਾਟ ਅਤੇ ਹਰਿਸ਼ਚੰਦਰ ਘਾਟ ਤੱਕ ਸ਼ਾਨਦਾਰ ਸਜਾਵਟ ਕੀਤੀ ਗਈ। ਬਬੂਆ ਪਾਂਡੇਯ ਘਾਟ 'ਤੇ ਦੀਵਿਆਂ ਨਾਲ 'ਰਾਧੇ-ਰਾਧੇ ਕਮਲ ਖਿਲਾ ਦੇ' ਲਿਖਿਆ ਗਿਆ।
ਗੰਗਾ ਦੇ ਦੂਜੇ ਪਾਸੇ ਹੋਈ ਸ਼ਾਨਦਾਰ ਆਤਿਸ਼ਬਾਜ਼ੀ
ਗੰਗਾ ਨਦੀ ਦੇ ਦੂਜੇ ਪਾਸੇ ਆਤਿਸ਼ਬਾਜ਼ੀ ਸ਼ੁਰੂ ਹੁੰਦਿਆਂ ਹੀ ਆਸਮਾਨ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਾ ਉੱਠਿਆ। ਘਾਟਾਂ 'ਤੇ ਮੌਜੂਦ ਸ਼ਰਧਾਲੂਆਂ ਅਤੇ ਸੈਲਾਨੀਆਂ ਨੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰਿਆਂ ਦਾ ਆਨੰਦ ਮਾਣਿਆ।
ਚੇਤ ਸਿੰਘ ਘਾਟ 'ਤੇ 25 ਮਿੰਟ ਦਾ 'ਕਾਸ਼ੀ ਕਥਾ' ਸ਼ੋਅ ਰਿਹਾ ਖਿੱਚ ਦਾ ਕੇਂਦਰ
ਚੇਤ ਸਿੰਘ ਘਾਟ 'ਤੇ 25 ਮਿੰਟ ਦਾ 'ਕਾਸ਼ੀ ਕਥਾ' ਸ਼ੋਅ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ। ਗੰਗਾ ਨਦੀ ਵਿੱਚ ਕਿਸ਼ਤੀਆਂ 'ਤੇ ਸਵਾਰ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੇ 3ਡੀ ਪ੍ਰੋਜੈਕਸ਼ਨ ਮੈਪਿੰਗ ਅਤੇ ਲੇਜ਼ਰ ਸ਼ੋਅ ਦਾ ਆਨੰਦ ਮਾਣਿਆ .ਇਸ ਦੌਰਾਨ ਇਤਿਹਾਸਕ ਕਿਲ੍ਹੇ ਦੀਆਂ ਕੰਧਾਂ 'ਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਵਿਆਹ, ਭਗਵਾਨ ਗਣੇਸ਼ ਅਤੇ ਮਾਂ ਗੰਗਾ ਨਾਲ ਜੁੜੇ ਪ੍ਰਸੰਗ ਦਿਖਾਏ ਗਏ। ਸ਼ੰਖਨਾਦ ਅਤੇ ਡਮਰੂ ਦੀ ਗੂੰਜ ਵਿਚਕਾਰ ਸਨਾਤਨ ਸੰਸਕ੍ਰਿਤੀ ਦੀ ਸ਼ਾਨ ਨੂੰ ਜੀਵੰਤ ਕੀਤਾ ਗਿਆ।
2100 ਡਰੋਨਾਂ ਨਾਲ ਦਿਖਾਈਆਂ PM ਮੋਦੀ ਅਤੇ CM ਯੋਗੀ ਦੀਆਂ ਤਸਵੀਰਾਂ
2100 ਡਰੋਨਾਂ ਦੇ ਸ਼ੋਅ ਦੌਰਾਨ ਆਸਮਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਤਸਵੀਰਾਂ ਵੀ ਬਣਾਈਆਂ ਗਈਆਂ। ਜਿਵੇਂ ਹੀ ਆਸਮਾਨ ਵਿੱਚ ਦੋਵਾਂ ਆਗੂਆਂ ਦੀਆਂ ਤਸਵੀਰਾਂ ਦਿਖਾਈ ਦਿੱਤੀਆਂ ਤਾਂ ਘਾਟਾਂ 'ਤੇ ਮੌਜੂਦ ਲੋਕਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।


Click it and Unblock the Notifications
