ਵਸੀਮ ਅਕਰਮ ਨੇ ਵੈਭਵ ਸੂਰਯਵੰਸ਼ੀ ਦੀ ਕੀਤੀ ਤਾਰੀਫ਼, PSL ’ਤੇ ਚੁੱਕੇ ਵੱਡੇ ਸਵਾਲ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਭਾਰਤ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਪ੍ਰਤਿਭਾ ਦੀ ਤਾਰੀਫ਼ ਕੀਤੀ ਹੈ। ਅਕਰਮ ਨੇ ਕਿਹਾ ਕਿ ਪਾਕਿਸਤਾਨ ਨੂੰ ਵੀ ਸੂਰਿਆਵੰਸ਼ੀ ਵਰਗੀ ਬੱਲੇਬਾਜ਼ੀ ਪ੍ਰਤਿਭਾ ਤਿਆਰ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਸੁਪਰ ਲੀਗ (PSL) ਦੀ ਪ੍ਰਤਿਭਾ ਵਿਕਾਸ ਪ੍ਰਣਾਲੀ 'ਤੇ ਵੀ ਸਵਾਲ ਚੁੱਕੇ ਹਨ।
ਵਸੀਮ ਅਕਰਮ ਦੇ ਮੁਤਾਬਕ, PSL ਨੂੰ ਸ਼ੁਰੂ ਹੋਏ 10 ਸਾਲ ਹੋ ਚੁੱਕੇ ਹਨ, ਪਰ ਇਸ ਲੀਗ ਨੇ ਹੁਣ ਤੱਕ ਕੋਈ ਵੱਡੀ ਬੱਲੇਬਾਜ਼ੀ ਪ੍ਰਤਿਭਾ ਤਿਆਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ PSL ਨੇ ਕੁਝ ਚੰਗੇ ਗੇਂਦਬਾਜ਼ ਜ਼ਰੂਰ ਦਿੱਤੇ ਹਨ, ਪਰ ਬੱਲੇਬਾਜ਼ੀ ਦੇ ਖੇਤਰ ਵਿੱਚ ਕੋਈ ਵੱਡਾ ਸਿਤਾਰਾ ਸਾਹਮਣੇ ਨਹੀਂ ਆਇਆ।ਵਸੀਮ ਅਕਰਮ ਨੇ ਯੂਟਿਊਬਰ ਫ਼ਰਕਾਨ ਭੱਟੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ PSL ਵਿੱਚ ਪ੍ਰਤਿਭਾ ਵਿਕਾਸ ਦੇ ਮੁੱਦੇ 'ਤੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਲੀਗ ਨੂੰ ਸ਼ੁਰੂ ਹੋਏ ਇੱਕ ਦਹਾਕਾ ਹੋ ਗਿਆ ਹੈ ਅਤੇ ਹੁਣ ਇਹ ਸਵਾਲ ਪੁੱਛਣ ਦੀ ਲੋੜ ਹੈ ਕਿ ਕੀ PSL ਨੇ ਕੋਈ ਵੱਡੀ ਬੱਲੇਬਾਜ਼ੀ ਪ੍ਰਤਿਭਾ ਤਿਆਰ ਕੀਤੀ ਹੈ? ਅਕਰਮ ਨੇ ਕਿਹਾ ਕਿ ਜਦੋਂ ਪਾਕਿਸਤਾਨ 14 ਸਾਲ ਦੀ ਉਮਰ ਦੇ ਖਿਡਾਰੀ ਵਰਗੀ ਬੱਲੇਬਾਜ਼ੀ ਪ੍ਰਤਿਭਾ ਤਿਆਰ ਕਰੇਗਾ, ਉਦੋਂ ਹੀ ਕ੍ਰਿਕਟ ਵਿੱਚ ਅਸਲ ਸੁਧਾਰ ਨਜ਼ਰ ਆਵੇਗਾ।
IPL ਨਾਲ ਵੀ ਜੁੜੇ ਰਹੇ ਹਨ ਅਕਰਮ
ਵਸੀਮ ਅਕਰਮ ਖੁਦ IPL ਅਤੇ PSL ਦੋਵਾਂ ਨਾਲ ਜੁੜੇ ਰਹੇ ਹਨ। ਉਹ 2010 ਤੋਂ 2017 ਤੱਕ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਗੇਂਦਬਾਜ਼ੀ ਕੋਚ ਅਤੇ ਮੈਂਟਰ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ KKR ਨੇ ਦੋ ਵਾਰ IPL ਦਾ ਖਿਤਾਬ ਜਿੱਤਿਆ ਇਸ ਤੋਂ ਇਲਾਵਾ ਅਕਰਮ PSL ਵਿੱਚ ਇਸਲਾਮਾਬਾਦ ਯੂਨਾਈਟਿਡ, ਮੁਲਤਾਨ ਸੁਲਤਾਨਜ਼ ਅਤੇ ਕਰਾਚੀ ਕਿੰਗਜ਼ ਨਾਲ ਵੀ ਜੁੜੇ ਰਹੇ ਹਨ ਅਤੇ ਕੋਚ ਤੇ ਮੈਂਟਰ ਦੀ ਭੂਮਿਕਾ ਨਿਭਾ ਚੁੱਕੇ ਹਨ।
ਕਲੱਬ ਕ੍ਰਿਕਟ ਨੂੰ ਮਜ਼ਬੂਤ ਕਰਨ ਦੀ ਦਿੱਤੀ ਸਲਾਹ
ਅਕਰਮ ਨੇ ਪਾਕਿਸਤਾਨ ਵਿੱਚ ਨਵੀਂ ਕ੍ਰਿਕਟ ਪ੍ਰਤਿਭਾ ਤਿਆਰ ਕਰਨ ਲਈ ਕਲੱਬ ਕ੍ਰਿਕਟ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸਲ ਪ੍ਰਤਿਭਾਵਾਂ ਕਲੱਬ ਕ੍ਰਿਕਟ ਤੋਂ ਸਾਹਮਣੇ ਆਉਂਦੀਆਂ ਹਨ ਅਤੇ ਜੇਕਰ ਕਲੱਬ ਪੱਧਰ 'ਤੇ ਢਾਂਚਾ ਮਜ਼ਬੂਤ ਕੀਤਾ ਜਾਵੇ ਤਾਂ PSL ਲਈ ਵੀ ਬਿਹਤਰ ਖਿਡਾਰੀ ਤਿਆਰ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਨੂੰ ਟੈਸਟ ਕ੍ਰਿਕਟ ਵਿੱਚ ਸੁਧਾਰ ਕਰਨਾ ਹੈ ਤਾਂ ਕਲੱਬ ਕ੍ਰਿਕਟ ਨੂੰ ਮੁੜ ਮਜ਼ਬੂਤ ਕਰਨਾ ਹੋਵੇਗਾ।


Click it and Unblock the Notifications
