ਯੁਵਰਾਜ ਸਿੰਘ ਨੇ 30 ਮਿੰਟ ਤੱਕ ਸਮਝਾਇਆ, ਫਿਰ 'ਵੈਭਵ' ਨੇ UAE ਖ਼ਿਲਾਫ਼ ਮਚਾਇਆ ਤੂਫ਼ਾਨ
ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੇ ਮੰਗਲਵਾਰ ਨੂੰ UAE ਖ਼ਿਲਾਫ਼ ਸਿਰਫ਼ 53 ਗੇਂਦਾਂ ਵਿੱਚ 204 ਦੌੜਾਂ ਦੀ ਜੋ ਤੂਫ਼ਾਨੀ ਪਾਰੀ ਖੇਡੀ ਉਸਦੇ ਪਿੱਛੇ ਯੁਵਰਾਜ ਸਿੰਘ ਦੀ ਸਲਾਹ ਸੀ ਜੋ ਉਨ੍ਹਾਂ ਨੇ ਵੈਭਵ ਨੂੰ ਦਿੱਤੀ ਸੀ। ਇਹ ਖੁਲਾਸਾ ਖ਼ੁਦ ਵੈਭਵ ਸੁਰਿਆਵੰਸ਼ੀ ਨੇ ਕੀਤਾ ਹੈ।
ਵੈਭਵ ਸੂਰਿਆਵੰਸ਼ੀ ਦਾ ਕਹਿਣਾ ਹੈ ਕਿ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀਆਂ ਸਲਾਹਾਂ ਨੇ ਉਨ੍ਹਾਂ ਦੀ ਰਿਕਾਰਡਤੋੜ ਪਾਰੀ ਖੇਡਣ ਵਿੱਚ ਕਾਫ਼ੀ ਮਦਦ ਕੀਤੀ। ਦਰਅਸਲ BCCI ਨੇ ਬੁੱਧਵਾਰ ਨੂੰ ਵੈਭਵ ਨਾਲ ਗੱਲਬਾਤ ਦਾ ਇੱਕ ਵੀਡੀਓ ਸਾਂਝਾ ਕੀਤਾ। ਇਸ ਵਿੱਚ 15 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਉਸਨੂੰ ਕਿਵੇਂ ਸਮਝਾਇਆ ਜਿਸਦੇ ਕਰਕੇ ਉਸਨੂੰ ਬਿਹਤਰ ਖੇਡ ਖੇਡਣ ਵਿੱਚ ਮਦਦ ਮਿਲੀ।

ਯੁਵਰਾਜ ਸਰ ਨੇ ਮੈਨੂੰ 30 ਮਿੰਟ ਤੱਕ ਸਮਝਾਇਆ - ਵੈਭਵ ਸੁਰਿਆਵੰਸ਼ੀ
ਵੈਭਵ ਮੁਤਾਬਕ ਪਿਛਲੇ ਕੁਝ ਮੈਚਾਂ ਵਿੱਚ ਦੌੜਾਂ ਨਾ ਬਣਨ ਕਾਰਨ ਉਹ ਕਾਫ਼ੀ ਪਰੇਸ਼ਾਨ ਸਨ। ਵੈਭਵ ਨੇ ਕਿਹਾ, "ਮੇਰਾ ਧਿਆਨ ਵਾਰ-ਵਾਰ ਭਟਕ ਰਿਹਾ ਸੀ। ਮੈਂ ਯੁਵੀ ਸਰ ਨੂੰ ਦੱਸਿਆ ਕਿ ਜਦੋਂ ਮੈਂ ਕ੍ਰੀਜ਼ 'ਤੇ ਜਾਂਦਾ ਹਾਂ ਤਾਂ ਮੈਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਰੀਬ 30 ਮਿੰਟ ਤੱਕ ਸਮਝਾਇਆ। ਉਨ੍ਹਾਂ ਨਾਲ ਹੋਈ ਗੱਲਬਾਤ ਨੇ ਮੇਰੀ ਖੇਡ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ।"
ਮੈਚ ਤੋਂ ਪਹਿਲਾਂ 4 ਲੋਕਾਂ ਨਾਲ ਕੀਤੀ ਸੀ ਗੱਲਬਾਤ
ਵੈਭਵ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਚਾਰ ਲੋਕਾਂ ਨਾਲ ਗੱਲਬਾਤ ਕੀਤੀ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਿਤਾ ਨਾਲ ਗੱਲ ਕੀਤੀ। ਇਸ ਤੋਂ ਬਾਅਦ ਬਚਪਨ ਦੇ ਕੋਚ ਮਨੀਸ਼ ਓਝਾ ਅਤੇ ਆਪਣੇ ਦੋਸਤ ਪ੍ਰਥਮ ਜਾਚਕ ਨਾਲ ਗੱਲਬਾਤ ਕੀਤੀ, ਜੋ ਉਨ੍ਹਾਂ ਨਾਲ ਅੰਡਰ-19 ਕ੍ਰਿਕਟ ਖੇਡ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਯੁਵਰਾਜ ਸਿੰਘ ਨਾਲ ਗੱਲ ਕੀਤੀ।
ਯੁਵਰਾਜ ਨੇ ਦਿੱਤੀ ਸੀ 20 ਗੇਂਦਾਂ ਟਿਕਣ ਦੀ ਸਲਾਹ
ਵੈਭਵ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਬੱਲੇਬਾਜ਼ੀ ਸਬੰਧੀ ਕਈ ਅਹਿਮ ਸੁਝਾਅ ਦਿੱਤੇ। ਵੈਭਵ ਨੇ ਆਪਣੀਆਂ ਸਾਰੀਆਂ ਮੁਸ਼ਕਲਾਂ ਖੁੱਲ੍ਹ ਕੇ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਸਨ। ਇਸ ਦੌਰਾਨ ਯੁਵਰਾਜ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਸ਼ੁਰੂਆਤ ਦੀਆਂ 20 ਗੇਂਦਾਂ ਕ੍ਰੀਜ਼ 'ਤੇ ਟਿਕ ਕੇ ਖੇਡ ਲੈਂਦੇ ਹਨ ਤਾਂ ਇਸ ਤੋਂ ਬਾਅਦ ਸਕੋਰ ਬਿਲਕੁਲ ਵੱਖਰਾ ਹੋਵੇਗਾ। ਯੁਵਰਾਜ ਦੀ ਇਸ ਸਲਾਹ ਤੋਂ ਬਾਅਦ ਵੈਭਵ ਨੇ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸਕ ਪਾਰੀ ਖੇਡੀ।


Click it and Unblock the Notifications
