ਕੈਨੇਡਾ ‘ਚ ਪਾਵਨ ਸਰੂਪ ਦੀ ਬੇਅਦਬੀ ਦੇ ਦੋਸ਼! ਕਾਰ ਦੀ ਡਿੱਗੀ ‘ਚ ਰੱਖਣ ‘ਤੇ ਭੜਕੀ ਸੰਗਤ, ਵੀਡੀਓ Viral
ਕੈਨੇਡਾ ਦੇ ਸਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਦੋਸ਼ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਹ ਹੈ। ਘਟਨਾ ਦੇ ਵਿਰੋਧ ਵਿੱਚ ਸੰਗਤ ਵੱਲੋਂ 3 ਦਿਨਾਂ ਤੋਂ ਧਰਨਾ ਵੀ ਜਾਰੀ ਹੈ।
ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਭਾਰਤ ਤੋਂ ਕੈਨੇਡਾ ਵਿੱਚ 225 ਪਾਵਨ ਸਰੂਪ ਗੁਰੂ ਸਿੰਘ ਸਭਾ ਸਰੀ ਰਾਹੀਂ ਭੇਜੇ ਗਏ ਸਨ। ਇਨ੍ਹਾਂ ਪਾਵਨ ਸਰੂਪਾਂ ਨੂੰ ਵੱਖ-ਵੱਖ ਗੁਰਦੁਆਰਿਆਂ ਵਿੱਚ ਸੁਸ਼ੋਭਿਤ ਕੀਤਾ ਜਾਣਾ ਸੀ। ਇਨ੍ਹਾਂ ਵਿੱਚੋਂ ਇੱਕ ਪਾਵਨ ਸਰੂਪ ਸਰੀ ਦੇ ਗੁਰਦੁਆਰਾ ਸਿੰਘ ਸਭਾ ਤੋਂ ਟੋਰਾਂਟੋ ਭੇਜਿਆ ਜਾਣਾ ਸੀ। ਦੋਸ਼ ਹੈ ਕਿ ਪਾਵਨ ਸਰੂਪ ਨੂੰ ਇੱਕ ਕਾਰ ਦੀ ਡਿੱਗੀ ਵਿੱਚ ਰੱਖਿਆ ਗਿਆ, ਜਿੱਥੇ ਜੁੱਤੇ-ਚੱਪਲਾਂ ਵੀ ਪਈਆਂ ਹੋਈਆਂ ਸਨ।

ਇਸ ਤੋਂ ਇਲਾਵਾ, ਪਾਵਨ ਸਰੂਪ ਨੂੰ ਲਿਜਾਣ ਸਮੇਂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੀ ਮੌਜੂਦਗੀ ਅਤੇ ਚੰਦੋਆ ਸਾਹਿਬ ਦੀ ਵਿਵਸਥਾ ਵੀ ਨਹੀਂ ਕੀਤੀ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਹ ਫੈਲ ਗਿਆ। ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਘਟਨਾ ਦੇ ਵਿਰੋਧ ਵਿੱਚ ਸਿੱਖ ਸੰਗਤ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ।
21 ਸਤੰਬਰ ਨੂੰ ਟੋਰਾਂਟੋ ਭੇਜਿਆ ਜਾ ਰਿਹਾ ਸੀ ਪਾਵਨ ਸਰੂਪ
ਦੱਸ ਦਈਏ ਕਿ ਸਰੀ ਵਾਸੀ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪਾਵਨ ਸਰੂਪ ਨੂੰ ਮਰਿਆਦਾ ਅਨੁਸਾਰ ਲਿਜਾਣ ਦੀ ਬਜਾਏ ਕਾਰ ਦੀ ਡਿੱਗੀ ਵਿੱਚ ਰੱਖਿਆ ਜਾ ਰਿਹਾ ਸੀ। ਮੌਕੇ 'ਤੇ ਪਹੁੰਚੇ ਨਿਹੰਗਾਂ ਅਤੇ ਸੰਗਤ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਮੌਕੇ ਦੀ ਵੀਡੀਓ ਵੀ ਬਣਾਈ ਗਈ ਸੀ , ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇੰਸਟਾਗ੍ਰਾਮ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਨਾਲ ਪੇਜ ਚਲਾਉਣ ਵਾਲੇ ਗਿਆਨੀ ਤੇਜਬੀਰ ਸਿੰਘ ਨੇ ਵੀ ਇਸ ਮਾਮਲੇ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ SGPC ਦੇ ਕੁਝ ਮੈਂਬਰਾਂ ਅਤੇ ਜ਼ਿੰਮੇਵਾਰ ਲੋਕਾਂ 'ਤੇ ਮਰਿਆਦਾ ਦੀ ਉਲੰਘਣਾ ਦੇ ਦੋਸ਼ ਲਗਾਏ ਹਨ।
ਸਿੱਖ ਸੰਗਤ ਨੇ ਮੰਗ ਕੀਤੀ ਹੈ ਕਿ SGPC ਨੂੰ ਇਸ ਮਾਮਲੇ 'ਚ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਪ੍ਰਬੰਧਕਾਂ ਨੂੰ ਆਪਣੀ ਗ਼ਲਤੀ ਲਈ ਸਮੂਹ ਸਿੱਖ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।


Click it and Unblock the Notifications
