ਪੰਜਾਬ ਦੇ ਬਿਜਲੀ ਸੰਕਟ ਵਿਚਕਾਰ ਰਾਹਤ, ਰੋਪੜ ਥਰਮਲ ਦਾ ਇੱਕ ਯੂਨਿਟ ਮੁੜ ਚਾਲੂ
ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਦਰਮਿਆਨ ਪਾਵਰਕਾਮ ਨੂੰ ਬੁੱਧਵਾਰ ਨੂੰ ਕੁਝ ਰਾਹਤ ਮਿਲੀ ਹੈ। ਸਰਕਾਰੀ ਖੇਤਰ ਦੇ ਰੋਪੜ ਥਰਮਲ ਪਲਾਂਟ ਦੇ ਖਰਾਬ ਹੋਏ ਤਿੰਨ ਯੂਨਿਟਾਂ ਵਿੱਚੋਂ ਇੱਕ ਯੂਨਿਟ ਦੁਪਹਿਰ ਤੱਕ ਠੀਕ ਕਰਕੇ ਮੁੜ ਚਾਲੂ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪਲਾਂਟ ਵਿੱਚ ਬਿਜਲੀ ਉਤਪਾਦਨ ਮੁੜ ਸ਼ੁਰੂ ਹੋ ਗਿਆ ਹੈ ।
ਇਸ ਤੋਂ ਪਹਿਲਾਂ ਪਲਾਂਟ ਦੇ ਕੁੱਲ ਚਾਰ ਯੂਨਿਟਾਂ ਵਿੱਚੋਂ ਤਿੰਨ ਯੂਨਿਟ ਬੰਦ ਹੋ ਗਏ ਸਨ। ਹੁਣ ਇੱਕ ਯੂਨਿਟ ਦੇ ਮੁੜ ਚਾਲੂ ਹੋਣ ਤੋਂ ਬਾਅਦ ਹੁਣ ਬਿਜਲੀ ਉਤਪਾਦਨ ਵਿੱਚ ਕੁਝ ਸੁਧਾਰ ਆਇਆ ਹੈ। 840 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਰੋਪੜ ਥਰਮਲ ਪਲਾਂਟ ਤੋਂ ਇਸ ਸਮੇਂ ਪਾਵਰਕਾਮ ਨੂੰ ਲਗਭਗ 215 ਮੈਗਾਵਾਟ ਬਿਜਲੀ ਮਿਲ ਰਹੀ ਹੈ। ਪਲਾਂਟ ਦੇ ਦੋ ਯੂਨਿਟ ਅਜੇ ਵੀ ਬੰਦ ਹੋਣ ਕਾਰਨ ਇਸ ਦੀ ਕੁੱਲ ਉਤਪਾਦਨ ਸਮਰੱਥਾ ਦਾ ਪੂਰਾ ਇਸਤੇਮਾਲ ਨਹੀਂ ਹੋ ਰਿਹਾ।

ਦੂਜੇ ਪਾਸੇ, ਨਿੱਜੀ ਖੇਤਰ ਦੇ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਇਨ੍ਹਾਂ ਦੋਵਾਂ ਪਲਾਂਟਾਂ ਤੋਂ ਲਗਾਤਾਰ ਬਿਜਲੀ ਉਤਪਾਦਨ ਹੋਣ ਕਾਰਨ ਪਾਵਰਕਾਮ ਨੂੰ ਸੂਬੇ ਦੀ ਵਧਦੀ ਬਿਜਲੀ ਮੰਗ ਪੂਰੀ ਕਰਨ ਵਿੱਚ ਮਦਦ ਮਿਲ ਰਹੀ ਹੈ।
ਬਿਜਲੀ ਦੀ ਮੰਗ 16,584 ਮੈਗਾਵਾਟ
ਪੰਜਾਬ ਵਿੱਚ ਇਸ ਸਮੇਂ ਬਿਜਲੀ ਦੀ ਮੰਗ 16,584 ਮੈਗਾਵਾਟ ਦੇ ਆਸ-ਪਾਸ ਚੱਲ ਰਹੀ ਹੈ। ਇਸ ਸੀਜ਼ਨ ਦੌਰਾਨ ਸੂਬੇ ਵਿੱਚ ਬਿਜਲੀ ਦੀ ਮੰਗ 17,300 ਮੈਗਾਵਾਟ ਤੋਂ ਵੀ ਉੱਪਰ ਪਹੁੰਚ ਚੁੱਕੀ ਹੈ। ਇਸਨੂੰ ਪੰਜਾਬ ਦੇ ਬਿਜਲੀ ਖੇਤਰ ਦੇ ਇਤਿਹਾਸ ਵਿੱਚ ਇੱਕ ਦਿਨ ਵਿੱਚ ਦਰਜ ਕੀਤੀ ਗਈ ਸਭ ਤੋਂ ਵੱਧ ਮੰਗ ਦੱਸਿਆ ਗਿਆ ਹੈ।
ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਕੇਂਦਰੀ ਖੇਤਰ ਤੋਂ ਬਿਜਲੀ ਖਰੀਦਣ 'ਤੇ ਕਾਫ਼ੀ ਨਿਰਭਰ ਰਹਿਣਾ ਪੈ ਰਿਹਾ ਹੈ। ਬੁੱਧਵਾਰ ਨੂੰ ਪਾਵਰਕਾਮ ਨੇ ਕੇਂਦਰੀ ਖੇਤਰ ਤੋਂ ਵੱਧ ਤੋਂ ਵੱਧ 11,296 ਮੈਗਾਵਾਟ ਬਿਜਲੀ ਖਰੀਦੀ। ਰੋਪੜ ਥਰਮਲ ਪਲਾਂਟ ਦੇ ਇੱਕ ਯੂਨਿਟ ਦੇ ਮੁੜ ਚਾਲੂ ਹੋਣ ਨਾਲ ਪਾਵਰਕਾਮ ਨੂੰ ਕੁਝ ਵਾਧੂ ਬਿਜਲੀ ਮਿਲੀ ਹੈ। ਹਾਲਾਂਕਿ, ਬਾਕੀ ਦੋ ਯੂਨਿਟਾਂ ਦੇ ਬੰਦ ਰਹਿਣ ਕਾਰਨ ਸਰਕਾਰੀ ਪਲਾਂਟ ਤੋਂ ਉਤਪਾਦਨ ਅਜੇ ਵੀ ਪ੍ਰਭਾਵਿਤ ਹੈ। ਹੈ।


Click it and Unblock the Notifications
