ਪੰਜਾਬ ਦੇ ਪੈਟਰੋਲ ਪੰਪਾਂ ’ਤੇ 2,000 ਤੋਂ ਵੱਧ UPI ਪੇਮੈਂਟ ਹੋਵੇਗੀ ਬੰਦ! UPI ਚਾਰਜ ਤੋਂ ਨਾਰਾਜ਼ ਪੈਟਰੋਲ ਡੀਲਰਾਂ ਨੇ ਦੇ'ਤੀ Warn
ਪੰਜਾਬ ਵਿੱਚ ਪੈਟਰੋਲ ਪੰਪਾਂ 'ਤੇ ਜਲਦ ਹੀ ₹2,000 ਤੋਂ ਵੱਧ ਦੀ UPI ਪੇਮੈਂਟ ਲੈਣ 'ਤੇ ਰੋਕ ਲੱਗ ਸਕਦੀ ਹੈ। ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (PADAP) ਨੇ ਇਸ ਸਬੰਧੀ ਚਿਤਾਵਨੀ ਦਿੱਤੀ ਹੈ। ਐਸੋਸੀਏਸ਼ਨ ਨੇ UPI ਪੇਮੈਂਟ 'ਤੇ ਲਾਗੂ ਹੋਣ ਵਾਲੇ MDR (Merchant Discount Rate) ਦਾ ਵਿਰੋਧ ਕੀਤਾ ਹੈ।
ਡੀਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਪਹਿਲਾਂ ਹੀ ਸੀਮਤ ਮਾਰਜਿਨ ਮਿਲਦਾ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਦੀਆਂ ਤਨਖਾਹਾਂ, ਬਿਜਲੀ, ਰੱਖ-ਰਖਾਅ, ਸੁਰੱਖਿਆ ਅਤੇ ਹੋਰ ਖਰਚੇ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ UPI ਲੈਣ-ਦੇਣ 'ਤੇ ਵਾਧੂ ਚਾਰਜ ਉਨ੍ਹਾਂ 'ਤੇ ਹੋਰ ਵਿੱਤੀ ਬੋਝ ਪਾ ਦੇਵੇਗਾ।

ਜੇਕਰ ਪੈਟਰੋਲ ਪੰਪਾਂ 'ਤੇ ₹2,000 ਤੋਂ ਵੱਧ ਦੀ UPI ਪੇਮੈਂਟ ਬੰਦ ਹੁੰਦੀ ਹੈ ਤਾਂ ਕਾਰਾਂ, ਬੱਸਾਂ, ਟਰੱਕਾਂ ਅਤੇ ਹੋਰ ਕਮਰਸ਼ੀਅਲ ਵਾਹਨਾਂ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖ਼ਾਸ ਤੌਰ 'ਤੇ ਲੰਬੇ ਰੂਟ 'ਤੇ ਜਾਣ ਵਾਲੇ ਲੋਕਾਂ ਲਈ ਮੁਸ਼ਕਲ ਵਧ ਸਕਦੀ ਹੈ, ਜੋ ਆਮ ਤੌਰ 'ਤੇ ਸਫ਼ਰ ਤੋਂ ਪਹਿਲਾਂ ਟੈਂਕੀ ਫੁੱਲ ਕਰਵਾਉਂਦੇ ਹਨ।
ਪੰਜਾਬ 'ਚ 4,100 ਤੋਂ ਵੱਧ ਪੈਟਰੋਲ ਪੰਪ
ਪੰਜਾਬ ਵਿੱਚ ਕਰੀਬ 4,104 ਪੈਟਰੋਲ ਪੰਪ ਹਨ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੇ ਅਗਸਤ 2026 ਦੇ ਅੰਕੜਿਆਂ ਦੇ ਆਧਾਰ 'ਤੇ ਦੱਸਿਆ ਗਿਆ ਹੈ ਕਿ ਸੂਬੇ ਦੇ ਪੈਟਰੋਲ ਪੰਪਾਂ 'ਤੇ ਰੋਜ਼ਾਨਾ ਲਗਭਗ 11 ਤੋਂ 12 ਲੱਖ UPI ਲੈਣ-ਦੇਣ ਹੁੰਦੇ ਹਨ। ਇਨ੍ਹਾਂ ਲੈਣ-ਦੇਣ ਦੀ ਕੁੱਲ ਰਕਮ ਕਰੀਬ ₹65 ਤੋਂ ₹70 ਕਰੋੜ ਰੋਜ਼ਾਨਾ ਹੋਣ ਦਾ ਅਨੁਮਾਨ ਹੈ। ਡੀਲਰਾਂ ਮੁਤਾਬਕ ਰੋਜ਼ਾਨਾ ਲਗਭਗ 10 ਫ਼ੀਸਦੀ ਲੋਕ ਹੀ ₹2,000 ਤੋਂ ਵੱਧ ਦਾ ਤੇਲ ਭਰਵਾਉਂਦੇ ਹਨ।
ਜੇਕਰ ਹਰ ਅਜਿਹੇ ਲੈਣ-ਦੇਣ 'ਤੇ ₹5 ਚਾਰਜ ਲੱਗਦਾ ਹੈ ਤਾਂ ਡੀਲਰਾਂ ਨੂੰ ਕਰੀਬ ₹5.5 ਤੋਂ ₹6 ਲੱਖ ਰੋਜ਼ਾਨਾ ਵਾਧੂ ਫੀਸ ਦੇਣੀ ਪੈ ਸਕਦੀ ਹੈ। 30 ਦਿਨਾਂ ਵਿੱਚ ਇਹ ਰਕਮ ਲਗਭਗ ₹1.65 ਤੋਂ ₹1.80 ਕਰੋੜ ਤੱਕ ਪਹੁੰਚ ਸਕਦੀ ਹੈ।
ਡੀਲਰਾਂ ਨੇ ਕੇਂਦਰ ਸਰਕਾਰ ਤੋਂ ਮੰਗੀ ਰਾਹਤ
ਪੈਟਰੋਲ ਡੀਲਰਜ਼ ਐਸੋਸੀਏਸ਼ਨ ਨੇ ਕੇਂਦਰੀ ਪੈਟਰੋਲੀਅਮ ਮੰਤਰੀ, ਵਿੱਤ ਮੰਤਰੀ ਅਤੇ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਰਾਹਤ ਦੀ ਮੰਗ ਕੀਤੀ ਹੈ। ਡੀਲਰਾਂ ਨੇ 14 ਸਤੰਬਰ ਨੂੰ ਜਾਰੀ ਵਿੱਤ ਮੰਤਰਾਲੇ ਦੀ ਗਜ਼ਟ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੈਟਰੋਲ ਪੰਪਾਂ 'ਤੇ ਡਿਜੀਟਲ ਪੇਮੈਂਟ ਲਈ ਗਾਹਕਾਂ ਜਾਂ ਡੀਲਰਾਂ 'ਤੇ ਵਾਧੂ ਚਾਰਜ ਨਹੀਂ ਲਗਾਇਆ ਜਾਣਾ ਚਾਹੀਦਾ।
ਐਸੋਸੀਏਸ਼ਨ ਨੇ ਕਿਹਾ ਹੈ ਕਿ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ। ਨਹੀਂ ਤਾਂ ਉਨ੍ਹਾਂ ਕੋਲ਼ ਹੜਤਾਲ ਕਰਨ ਤੋਂ ਇਲਾਵਾ ਕੋਈ ਰਾਸਤਾ ਨਹੀਂ ਬਚੇਗਾ।
ਟਰੱਕ ਆਪਰੇਟਰਾਂ ਨੇ ਵੀ ਜਤਾਇਆ ਵਿਰੋਧ
ਇਸ ਮਾਮਲੇ ਵਿੱਚ ਆਲ ਪੰਜਾਬ ਟਰੱਕ ਆਪਰੇਟਰਜ਼ ਯੂਨੀਅਨ ਨੇ ਵੀ ਵਿਰੋਧ ਜਤਾਇਆ ਹੈ। ਯੂਨੀਅਨ ਨੇ ਕਿਹਾ ਕਿ ਜੇਕਰ ਪੈਟਰੋਲ ਪੰਪਾਂ 'ਤੇ ₹2,000 ਤੋਂ ਵੱਧ ਦੀ UPI ਪੇਮੈਂਟ ਨਹੀਂ ਲਈ ਗਈ ਤਾਂ ਇਸ ਦਾ ਸਭ ਤੋਂ ਵੱਧ ਅਸਰ ਟਰੱਕ ਆਪਰੇਟਰਾਂ 'ਤੇ ਪਵੇਗਾ। ਉਨ੍ਹਾਂ ਮੁਤਾਬਕ ਇੱਕ ਟਰੱਕ ਵਿੱਚ ਇੱਕ ਵਾਰ ਵਿੱਚ ₹20,000 ਤੋਂ ₹50,000 ਤੱਕ ਦਾ ਡੀਜ਼ਲ ਪੈ ਸਕਦਾ ਹੈ। ਲੰਬੇ ਸਫ਼ਰ 'ਤੇ ਜਾਣ ਤੋਂ ਪਹਿਲਾਂ ਜ਼ਿਆਦਾਤਰ ਟਰੱਕ ਆਪਰੇਟਰ ਸਮਾਂ ਬਚਾਉਣ ਲਈ ਟੈਂਕੀ ਫੁੱਲ ਕਰਵਾਉਂਦੇ ਹਨ।ਜੇਕਰ ਇੱਕੋ ਵਾਰ ਇੰਨਾ ਡੀਜ਼ਲ ਨਹੀਂ ਭਰਵਾਇਆ ਜਾ ਸਕਿਆ ਤਾਂ ਡਰਾਈਵਰਾਂ ਨੂੰ ਰਸਤੇ ਵਿੱਚ ਵਾਰ-ਵਾਰ ਰੁਕ ਕੇ ਡੀਜ਼ਲ ਭਰਵਾਉਣਾ ਪੈ ਸਕਦਾ ਹੈ ਜਾਂ ਫਿਰ ਵੱਡੀ ਮਾਤਰਾ ਵਿੱਚ ਨਕਦੀ ਨਾਲ ਰੱਖਣੀ ਪੈ ਸਕਦੀ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇਸ ਨਾਲ ਸੁਰੱਖਿਆ ਸਬੰਧੀ ਖ਼ਤਰੇ ਵਧ ਸਕਦੇ ਹਨ।


Click it and Unblock the Notifications
