ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਮੋਗਾ ਅਦਾਲਤ ’ਚ ਹੋਈ ਪੇਸ਼ੀ, ਕੇਸ ਨੂੰ ਲੈ ਕੇ ''ਮਹਿਰੋਂ'' ਦੇ ਵਕੀਲ ਨੇ ਕੀਤਾ ਵੱਡਾ ਦਾਅਵਾ!
ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅੱਜ ਇੱਕ ਪੁਰਾਣੇ ਮਾਮਲੇ ਦੇ ਸਿਲਸਿਲੇ ਵਿੱਚ ਮੋਗਾ ਦੀ ਸਿਵਲ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ।
ਇਸ ਦੌਰਾਨ ਅਦਾਲਤ ਦੇ ਆਲੇ-ਦੁਆਲੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪੁਲਿਸ ਵੱਲੋਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਸੁਰੱਖਿਆ ਪ੍ਰਬੰਧ ਕੀਤੇ ਗਏ। ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਅਦਾਲਤੀ ਕਾਰਵਾਈ ਅੱਗੇ ਵਧਾਉਣ ਲਈ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਖ਼ਿਲਾਫ਼ ਥਾਣਾ ਮਹਿਣਾ ਵਿਖੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਭੜਕਾਊ ਪੋਸਟਾਂ ਪਾਉਣ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਦੇ ਦੋਸ਼ਾਂ ਤਹਿਤ ਪਹਿਲਾਂ ਹੀ ਮਾਮਲਾ ਦਰਜ ਹੈ। ਇਸੇ ਮਾਮਲੇ ਨਾਲ ਸਬੰਧਤ ਅਦਾਲਤੀ ਕਾਰਵਾਈ ਲਈ ਉਸ ਨੂੰ ਅੱਜ ਮੋਗਾ ਦੀ ਸਿਵਲ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਵਕੀਲ ਨੇ ਮਾਮਲੇ ਨੂੰ ਦੱਸਿਆ ਬੇਬੁਨਿਆਦ
ਦੂਜੇ ਪਾਸੇ, ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਵਕੀਲ ਨੇ ਪੁਲਿਸ ਵੱਲੋਂ ਦਰਜ ਮਾਮਲੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਤੱਥਾਂ ਨੂੰ ਤੋੜ-ਮਰੋੜ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਵਕੀਲ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਅਦਾਲਤ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਰੀ ਕਰ ਚੁੱਕੀ ਹੈ।
ਵਕੀਲ ਮੁਤਾਬਕ ਇਹ ਮਾਮਲਾ ਸਿਆਸੀ ਆਧਾਰ 'ਤੇ ਦਰਜ ਕੀਤਾ ਗਿਆ ਹੈ ਅਤੇ ਇਸ ਵਿੱਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਇੱਕ ਵਾਰ ਬਰੀ ਕੀਤੇ ਗਏ ਮੁਕੱਦਮੇ ਨੂੰ ਮੁੜ ਉਸੇ ਤਰੀਕੇ ਨਾਲ ਚਲਾਉਣ ਸਬੰਧੀ ਕਾਨੂੰਨੀ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਵਕੀਲ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਕਾਨੂੰਨੀ ਪੈਰਵੀ ਕਰ ਰਹੇ ਹਨ ਅਤੇ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਤੇ ਤੱਥਾਂ ਦੀ ਘੋਖ ਕੀਤੀ ਜਾ ਰਹੀ ਹੈ।


Click it and Unblock the Notifications
