CEC ਗਿਆਨੇਸ਼ ਕੁਮਾਰ ਨੇ BJP ਨੂੰ ਪਹੁੰਚਾਇਆ ਫ਼ਾਇਦਾ,PM ਮੋਦੀ ਅਸਤੀਫ਼ਾ ਦੇਣ - ਮੱਲਿਕਾਰਜੁਨ ਖੜਗੇ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ 'ਤੇ ਗੰਭੀਰ ਦੋਸ਼ ਲਗਾਏ। ਕਾਂਗਰਸ ਵਰਕਿੰਗ ਕਮੇਟੀ (CWC) ਦੀ ਮੀਟਿੰਗ ਦੌਰਾਨ ਖੜਗੇ ਨੇ ਦਾਅਵਾ ਕੀਤਾ ਕਿ ਗਿਆਨੇਸ਼ ਕੁਮਾਰ ਮੋਦੀ ਸਰਕਾਰ ਦੀ 'ਕਠਪੁਤਲੀ' ਬਣ ਗਏ ਹਨ।
ਖੜਗੇ ਨੇ ਕਿਹਾ ਕਿ ਸਾਜ਼ਿਸ਼ ਤਹਿਤ ਵੋਟਰ ਸੂਚੀ ਵਿੱਚੋਂ ਨਾਮ ਹਟਾਏ ਜਾ ਰਹੇ ਹਨ। ਉਨ੍ਹਾਂ ਨੇ CEC ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਖੜਗੇ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਵਾਈ ਨਾਲ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚ ਰਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਚੋਣ ਕਮਿਸ਼ਨ 'ਤੇ ਦਬਾਅ ਪਾਉਣ ਦਾ ਦੋਸ਼ ਲਗਾਉਂਦਿਆਂ ਨੈਤਿਕ ਆਧਾਰ 'ਤੇ ਅਸਤੀਫ਼ੇ ਦੀ ਮੰਗ ਕੀਤੀ।

SIR ਅਤੇ ਵੋਟਰ ਸੂਚੀ ਨੂੰ ਲੈ ਕੇ ਕਾਂਗਰਸ ਦੀ ਰਣਨੀਤੀ
CWC ਦੀ ਮੀਟਿੰਗ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR), ਵੋਟਰ ਸੂਚੀ ਵਿੱਚ ਤਬਦੀਲੀਆਂ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਕਾਂਗਰਸ ਨੇ ਕਿਹਾ ਹੈ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਸੰਸਦ ਵਿੱਚ ਚੁੱਕੇਗੀ ਅਤੇ ਲੋੜ ਪੈਣ 'ਤੇ ਸੜਕਾਂ 'ਤੇ ਪ੍ਰਦਰਸ਼ਨ ਵੀ ਕਰੇਗੀ। ਖੜਗੇ ਨੇ ਵੋਟਰ ਸੂਚੀ ਵਿੱਚ ਹੋਏ ਬਦਲਾਵਾਂ ਦੀ ਪੂਰੀ ਜਾਣਕਾਰੀ ਜਨਤਕ ਕਰਨ, ਹਟਾਏ ਗਏ ਨਾਮਾਂ ਲਈ ਅਪੀਲ ਦਾ ਮੌਕਾ ਦੇਣ, ਸਿਆਸੀ ਪਾਰਟੀਆਂ ਨੂੰ ਡਾਟਾ ਮੁਹੱਈਆ ਕਰਵਾਉਣ ਅਤੇ ਗੰਭੀਰ ਗੜਬੜੀਆਂ ਦੀ ਸੁਤੰਤਰ ਜਾਂਚ ਸਮੇਤ ਕਈ ਮੰਗਾਂ ਰੱਖੀਆਂ ਹਨ।
ਚੋਣ ਕਮਿਸ਼ਨ ਵਿੱਚ ਕਥਿਤ ਮਤਭੇਦਾਂ ਦਾ ਮੁੱਦਾ
ਚੋਣ ਕਮਿਸ਼ਨ ਦੇ ਅੰਦਰ ਕਥਿਤ ਮਤਭੇਦਾਂ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਹੈ। ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਵੱਲੋਂ SIR ਅਤੇ ਵੋਟਰ ਸੂਚੀ ਨਾਲ ਜੁੜੇ ਕੁਝ ਫੈਸਲਿਆਂ 'ਤੇ ਲਿਖਤੀ ਇਤਰਾਜ਼ ਦਰਜ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ।
ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
ਇਸ ਵਿਵਾਦ ਵਿਚਕਾਰ ਸੁਪਰੀਮ ਕੋਰਟ ਨੇ CEC ਗਿਆਨੇਸ਼ ਕੁਮਾਰ ਦੀ ਕਾਰਜਪ੍ਰਣਾਲੀ ਅਤੇ ਚੋਣ ਕਮਿਸ਼ਨ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਅਗਲੇ ਹਫ਼ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਚੋਣ ਕਮਿਸ਼ਨ ਦੀਆਂ ਸਮੂਹਿਕ ਸ਼ਕਤੀਆਂ ਦੀ ਵਰਤੋਂ ਇਕੱਲੇ CEC ਵੱਲੋਂ ਕੀਤੀ ਗਈ ਇਸ, ਇਸ ਪੂਰੇ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਵੱਲੋਂ ਕੀਤੀ ਜਾਣੀ ਹੈ।


Click it and Unblock the Notifications
